160,000 Australian dollars raised in the name of Parvinder Jhota!
ਪਰਵਿੰਦਰ ਝੋਟਾ ਦੇ ਨਾਂ ‘ਤੇ ਇਕੱਠੇ ਹੋਏ 1 ਲੱਖ 60 ਹਜ਼ਾਰ ਆਸਟ੍ਰੇਲੀਅਨ ਡਾਲਰ!
ਮਾਨਸਾ (ਆਵਾਜ਼ਿ ਕੌਮ ਬਿਊਰੋ)- ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਨਾਂ ‘ਤੇ ਕੁੱਝ ਲੋਕਾਂ ਵਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਹ ਖ਼ਬਰ ਸਾਹਮਣੇ ਆਈ ਹੈ ਕਿ ਪਰਵਿੰਦਰ ਝੋਟਾ ਦੇ ਨਾਂ ‘ਤੇ ਕਰੀਬ 1 ਲੱਖ, 60 ਹਜ਼ਾਰ ਆਸਟ੍ਰੇਲੀਅਨ ਡਾਲਰ ਇਕੱਠੇ ਕੀਤੇ ਗਏ ਹਨ। ਇਸ ਦੇ ਲਈ ਪਰਵਿੰਦਰ ਝੋਟਾ ਦੇ ਨਾਂ ‘ਤੇ ਇਕ ਵੈੱਬਸਾਈਟ ਬਣਾਈ ਗਈ ਸੀ, ਜਿਸ ਰਾਹੀਂ ਉਕਤ ਫੰਡ ਇਕੱਠਾ ਕੀਤਾ ਗਿਆ ਅਤੇ ਹੁਣ ਇਹ ਵੈੱਬਸਾਈਟ ਬੰਦ ਕਰ ਦਿੱਤੀ ਗਈ ਹੈ ਅਤੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਕਿ ਇਸ ਫੰਡ ਦਾ ਕੀ ਕੀਤਾ ਗਿਆ। ਹਾਲਾਂਕਿ ਵੈੱਬਸਾਈਟ ‘ਤੇ ਇਹ ਮੈਸਜ ਆ ਰਿਹਾ ਹੈ ਕਿ ਹੁਣ ਫੰਡ ਇਕੱਠਾ ਕਰਨਾ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦਾ ਇਸਤੇਮਾਲ ਕੀਤਾ ਜਾਵੇਗਾ। ਇਹ ਵੈੱਬਸਾਈਟ ਅਧਿਕਾਰਤ ਸੀ ਜਾਂ ਕਿਸੇ ਤਰ੍ਹਾਂ ਦੀ ਧੋਖਾਧੜੀ ਹੋਈ ਹੈ, ਇਸ ਬਾਰੇ ਵੀ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਇਹ ਫੰਡ ਪਰਿਵਾਰ ਦੀ ਸਹਿਮਤੀ ਨਾਲ ਇਕੱਠਾ ਕੀਤਾ ਜਾ ਰਿਹਾ ਹੈ ਜਾਂ ਨਹੀਂ, ਇਸ ਗੱਲ ਬਾਰੇ ਵੀ ਅਜੇ ਕੁੱਝ ਸਪੱਸ਼ਟ ਨਹੀਂ ਹੋ ਸਕਿਆ ਹੈ ਕਿਉਂਕਿ ਪਰਿਵਾਰ ਵਲੋਂ ਅਜਿਹੀ ਕਿਸੇ ਤਰ੍ਹਾਂ ਦੀ ਕੋਈ ਡੋਨੇਸ਼ਨ ਨਹੀਂ ਲਈ ਜਾ ਰਹੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ‘ਜਗਬਾਣੀ’ ਦੇ ਪੱਤਰਕਾਰ ਅਰੁਣ ਚੋਪੜਾ ਨੇ ਦੱਸਿਆ ਕਿ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਾਡਾ ਪੈਸੇ ਇਕੱਠੇ ਕਰਨ ਵਾਲਿਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ ਅਤੇ ਜੇਕਰ ਕੋਈ ਸਾਡੇ ਨਾਂ ‘ਤੇ ਪੈਸੇ ਮੰਗਦਾ ਹੈ ਤਾਂ ਉਸ ਨੂੰ ਲੋਕ ਪੈਸੇ ਨਾ ਦੇਣ। ਉੁਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕੋਲ ਪੈਸਾ ਆਵੇ ਅਤੇ ਸਾਡਾ ਅੰਦੋਲਨ ਖ਼ਰਾਬ ਹੋਵੇ।

