‘The Sikh Vote’ campaign launched in the UK to safeguard Sikh rights; major demands presented to the British government
ਯੂਕੇ ’ਚ ਸਿੱਖ ਹੱਕਾਂ ਦੀ ਰਾਖੀ ਲਈ ‘ਦ ਸਿੱਖ ਵੋਟ’ ਮੁਹਿੰਮ ਦਾ ਆਗਾਜ਼, ਬ੍ਰਿਟਿਸ਼ ਸਰਕਾਰ ਅੱਗੇ ਰੱਖੀਆਂ ਵੱਡੀਆਂ ਮੰਗਾਂ * ਗੁਰਦੁਆਰਿਆਂ ਦੀ ਸੁਰੱਖਿਆ ਲਈ ਬਰਾਬਰ ਫੰਡ, ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਦੀ ਵੱਖਰੀ ਪਛਾਣ ਅਤੇ ਸਕੂਲਾਂ ’ਚ ਸਿੱਖ ਇਤਿਹਾਸ ਪੜ੍ਹਾਉਣ ਦੀ ਮੰਗ * ਜੱਗੀ ਜੌਹਲ ਦੀ ਰਿਹਾਈ, ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਅਤੇ ਜੂਨ 1984 ਦੇ ਫ਼ੌਜੀ ਹਮਲੇ ’ਚ ਬਰਤਾਨੀਆ ਦੀ ਭੂਮਿਕਾ ਜਨਤਕ ਕਰਨ ਦਾ ਮੁੱਦਾ ਉਠਾਇਆ * ਵਿਦੇਸ਼ੀ ਵਪਾਰਕ ਸਮਝੌਤਿਆਂ ਲਈ ਸਿੱਖਾਂ ਦੇ ਹੱਕਾਂ ਦੀ ਬਲੀ ਨਾ ਦੇਵੇ ਬ੍ਰਿਟਿਸ਼ ਸਰਕਾਰ : ਦ ਸਿੱਖ ਵੋਟ
ਲੰਡਨ, 18 ਅਕਤੂਬਰ (ਸਰਬਜੀਤ ਸਿੰਘ ਬਨੂੜ) – ਬਰਤਾਨੀਆ ਵਿੱਚ ਸਿੱਖ ਭਾਈਚਾਰੇ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ, ਧਾਰਮਿਕ ਪੱਖਪਾਤ, ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਸਿੱਖ ਪਛਾਣ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਬ੍ਰਿਟਿਸ਼ ਸਿੱਖਾਂ ਦੇ ਹੱਕਾਂ ਦੀ ਰਾਖੀ ਲਈ ‘ਦ ਸਿੱਖ ਵੋਟ’ (The Sikh Vote) ਨਾਂ ਦੀ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੁਹਿੰਮ ਰਾਹੀਂ ਬ੍ਰਿਟਿਸ਼ ਸੰਸਦ ਅਤੇ ਚੁਣੇ ਹੋਏ ਸਿਆਸੀ ਨੁਮਾਇੰਦਿਆਂ ਨੂੰ ਸਿੱਖ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਜਵਾਬਦੇਹ ਬਣਾਉਣ ਦੇ ਨਾਲ-ਨਾਲ ਦੇਸ਼ ਭਰ ਦੇ ਸਿੱਖਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਜਾਰੀ ਪ੍ਰੈੱਸ ਬਿਆਨ ਵਿੱਚ ਮੁਹਿੰਮ ਦੇ ਬੁਲਾਰੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਬ੍ਰਿਟਿਸ਼ ਸਮਾਜ, ਅਰਥਚਾਰੇ ਅਤੇ ਦੇਸ਼ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਦਾ ਕਈ ਪੀੜ੍ਹੀਆਂ ਤੋਂ ਅਹਿਮ ਯੋਗਦਾਨ ਰਿਹਾ ਹੈ, ਪਰ ਇਸ ਦੇ ਬਾਵਜੂਦ ਸਿੱਖਾਂ ਨੂੰ ਧਾਰਮਿਕ ਪਛਾਣ, ਸੁਰੱਖਿਆ ਅਤੇ ਬਰਾਬਰੀ ਦੇ ਅਧਿਕਾਰਾਂ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਿੱਖ ਭਾਈਚਾਰਾ ਆਪਣੀ ਵੋਟ ਦੀ ਤਾਕਤ ਰਾਹੀਂ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਤੋਂ ਠੋਸ ਜਵਾਬ ਮੰਗੇ।
ਮੁਹਿੰਮ ਵੱਲੋਂ ਬ੍ਰਿਟਿਸ਼ ਸਰਕਾਰ ਦੀਆਂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਸਬੰਧੀ ਫੰਡਿੰਗ ਨੀਤੀਆਂ ’ਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ। ਪ੍ਰੈੱਸ ਬਿਆਨ ਅਨੁਸਾਰ ਸਾਲ 2026 ਦੀ ਸ਼ੁਰੂਆਤ ਵਿੱਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ 73.4 ਮਿਲੀਅਨ ਪੌਂਡ ਦੀ ਰਕਮ ਰੱਖੀ ਗਈ ਸੀ, ਜਦਕਿ ਘੱਟਗਿਣਤੀ ਭਾਈਚਾਰਿਆਂ ਲਈ ਐਲਾਨੇ ਗਏ ਪੰਜ ਮਿਲੀਅਨ ਪੌਂਡ ਦੇ ਸਾਂਝੇ ਫੰਡ ਵਿੱਚ ਸਿੱਖਾਂ ਦਾ ਹਿੱਸਾ ਬਹੁਤ ਘੱਟ ਦੱਸਿਆ ਗਿਆ ਹੈ। ਮੁਹਿੰਮ ਨੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਲਈ ਵੀ ਬਰਾਬਰ ਅਤੇ ਢੁੱਕਵੀਂ ਵਿੱਤੀ ਸਹਾਇਤਾ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਪੁਲਸ ਵੱਲੋਂ ਦਰਜ ਕੀਤੇ ਜਾਂਦੇ ਨਫ਼ਰਤੀ ਅਪਰਾਧਾਂ ਵਿੱਚ ਸਿੱਖ ਵਿਰੋਧੀ ਘਟਨਾਵਾਂ ਨੂੰ ਵੱਖਰੀ ਸ਼੍ਰੇਣੀ ਵਿੱਚ ਦਰਜ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਸਿੱਖਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਅਸਲ ਗਿਣਤੀ ਸਾਹਮਣੇ ਆ ਸਕੇ ਅਤੇ ਉਨ੍ਹਾਂ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾ ਸਕਣ।
ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਦਰਪੇਸ਼ ਧੱਕੇਸ਼ਾਹੀ ਅਤੇ ਧਾਰਮਿਕ ਪੱਖਪਾਤ ਦਾ ਮੁੱਦਾ ਚੁੱਕਦਿਆਂ ਮੁਹਿੰਮ ਨੇ ਮੰਗ ਕੀਤੀ ਕਿ ਰਾਸ਼ਟਰੀ ਪਾਠਕ੍ਰਮ ਵਿੱਚ ਸਿੱਖ ਧਰਮ, ਇਤਿਹਾਸ ਅਤੇ ਪਛਾਣ ਬਾਰੇ ਪੜ੍ਹਾਈ ਨੂੰ ਲਾਜ਼ਮੀ ਬਣਾਇਆ ਜਾਵੇ। ਇਸ ਤੋਂ ਇਲਾਵਾ ਰਾਸ਼ਟਰੀ ਗਰੂਮਿੰਗ ਜਾਂਚ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲਿਆਂ ਨੂੰ ਵਿਸ਼ੇਸ਼ ਥਾਂ ਦੇਣ ਅਤੇ ਐੱਨ.ਐੱਚ.ਐੱਸ. ਦੇ ਸਟਾਫ਼ ਨੂੰ ਸਿੱਖ ਮਰੀਜ਼ਾਂ ਦੀਆਂ ਧਾਰਮਿਕ ਮਰਿਆਦਾਵਾਂ ਦਾ ਸਤਿਕਾਰ ਕਰਨ ਸਬੰਧੀ ਸਿਖਲਾਈ ਦੇਣ ਦੀ ਮੰਗ ਵੀ ਕੀਤੀ ਗਈ ਹੈ।
ਮੁਹਿੰਮ ਨੇ ਬ੍ਰਿਟਿਸ਼ ਸਿੱਖਾਂ ਦੀ ਸੁਰੱਖਿਆ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਹੈ। ਪ੍ਰਬੰਧਕਾਂ ਨੇ ਕਿਹਾ ਕਿ ਬ੍ਰਿਟਿਸ਼ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ ਸੁਰੱਖਿਆ ਨੂੰ ਕਿਸੇ ਵੀ ਦੇਸ਼ ਨਾਲ ਹੋਣ ਵਾਲੇ ਵਪਾਰਕ ਸਮਝੌਤਿਆਂ ਦੇ ਬਦਲੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਜੇਕਰ ਕੋਈ ਵਿਦੇਸ਼ੀ ਸਰਕਾਰ ਬਰਤਾਨੀਆ ਦੀ ਧਰਤੀ ’ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਜਾਂ ਉਨ੍ਹਾਂ ਵਿਰੁੱਧ ਸਰਹੱਦ ਪਾਰ ਦਮਨ ਦੀਆਂ ਕਾਰਵਾਈਆਂ ਵਿੱਚ ਸ਼ਾਮਲ ਪਾਈ ਜਾਂਦੀ ਹੈ ਤਾਂ ਉਸ ਦੇਸ਼ ਨੂੰ ਮਿਲਣ ਵਾਲੇ ਵਪਾਰਕ ਲਾਭ ਤੁਰੰਤ ਰੋਕੇ ਜਾਣ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਮੁੱਦਾ ਉਠਾਉਂਦਿਆਂ ‘ਪ੍ਰੋ-ਖ਼ਾਲਿਸਤਾਨੀ ਐਕਸਟ੍ਰੀਮਿਜ਼ਮ’ (PKE) ਵਰਗੇ ਲੇਬਲਾਂ ਦੀ ਵਰਤੋਂ ’ਤੇ ਵੀ ਇਤਰਾਜ਼ ਪ੍ਰਗਟਾਇਆ ਗਿਆ ਹੈ। ਮੁਹਿੰਮ ਅਨੁਸਾਰ ਅਜਿਹੇ ਲੇਬਲਾਂ ਕਾਰਨ ਸਿੱਖਾਂ ਦੇ ਸਿਆਸੀ ਵਿਚਾਰਾਂ ਅਤੇ ਜਮਹੂਰੀ ਅਧਿਕਾਰਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤੇ ਜਾਣ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਬਰਤਾਨੀਆ ਦੇ ਸਰਹੱਦੀ ਨਾਕਿਆਂ ਅਤੇ ਹਵਾਈ ਅੱਡਿਆਂ ’ਤੇ ਸ਼ਡਿਊਲ 7 ਅਧੀਨ ਸਿੱਖ ਯਾਤਰੀਆਂ ਦੀਆਂ ਕਥਿਤ ਬੇਲੋੜੀਆਂ ਪੁੱਛਗਿੱਛਾਂ ਅਤੇ ਜਾਂਚਾਂ ਰੋਕਣ ਦੀ ਮੰਗ ਕੀਤੀ ਗਈ ਹੈ।
ਮੁਹਿੰਮ ਨੇ ਭਾਰਤ ਵਿੱਚ ਨਜ਼ਰਬੰਦ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਤੁਰੰਤ ਰਿਹਾਈ ਦਾ ਮੁੱਦਾ ਵੀ ਉਠਾਇਆ ਹੈ। ਇਸ ਦੇ ਨਾਲ ਹੀ ਬਰਤਾਨੀਆ ਵਿੱਚ ਭੇਤਭਰੇ ਹਾਲਾਤ ਵਿੱਚ ਹੋਈ ਸਿੱਖ ਕਾਰਕੁਨ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਅਤੇ ਗੁਰਪ੍ਰੀਤ ਸਿੰਘ ’ਤੇ ਲਾਈਆਂ ਗਈਆਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ ਗਈ ਹੈ।
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਭਾਰਤੀ ਫ਼ੌਜੀ ਹਮਲੇ ਵਿੱਚ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਵੀ ਮੁਹਿੰਮ ਨੇ ਸਵਾਲ ਉਠਾਏ ਹਨ। ਪ੍ਰਬੰਧਕਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਬ੍ਰਿਟਿਸ਼ ਸਰਕਾਰ ਦੀ ਭੂਮਿਕਾ ਨਾਲ ਸਬੰਧਤ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ।
ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਮੁਹਿੰਮ ਨੇ ਕਿਰਪਾਨ ਸਮੇਤ ਸਿੱਖਾਂ ਦੇ ਪੰਜ ਕਕਾਰਾਂ ਨੂੰ ਬ੍ਰਿਟਿਸ਼ ਕਾਨੂੰਨ ਅਧੀਨ ਸਪਸ਼ਟ ਅਤੇ ਪੂਰੀ ਕਾਨੂੰਨੀ ਸੁਰੱਖਿਆ ਦੇਣ ਦੀ ਮੰਗ ਵੀ ਕੀਤੀ ਹੈ।
ਇਸੇ ਦੌਰਾਨ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਅਤੇ ਤਜਰਬਿਆਂ ਨੂੰ ਇਕੱਠਾ ਕਰਨ ਲਈ ‘ਵਾਇਸ ਆਫ਼ ਦ ਸਿੱਖ’ (Voice of the Sikh) ਨਾਂ ਦਾ ਸਰਵੇਖਣ ਵੀ ਸ਼ੁਰੂ ਕੀਤਾ ਗਿਆ ਹੈ। ਪ੍ਰਬੰਧਕਾਂ ਅਨੁਸਾਰ ਇਸ ਸਰਵੇਖਣ ਰਾਹੀਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ’ਤੇ ਸਰਕਾਰ ਅਤੇ ਸਿਆਸੀ ਪਾਰਟੀਆਂ ਅੱਗੇ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਰੱਖਿਆ ਜਾਵੇਗਾ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਦੀ ਨਿੱਜੀ ਪਛਾਣ ਜੀ.ਡੀ.ਪੀ.ਆਰ. ਨਿਯਮਾਂ ਅਨੁਸਾਰ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਮੁਹਿੰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਕਮਿਊਨਿਟੀ ਫੋਰਮ ਕਰਵਾਏ ਜਾਣਗੇ ਅਤੇ ਮੁਹਿੰਮ ਦੇ ਉਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਪਰਚੇ ਵੰਡੇ ਜਾ ਰਹੇ ਹਨ। ਉਨ੍ਹਾਂ ਸਮੂਹ ਬ੍ਰਿਟਿਸ਼ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ voice.sikhvote.co.uk ਰਾਹੀਂ ਸਰਵੇਖਣ ਵਿੱਚ ਹਿੱਸਾ ਲੈਣ।

