Tragic accident in Varanasi: Truck runs over 4 friends taking a selfie; all die
ਵਾਰਾਣਸੀ ‘ਚ ਭਿਆਨਕ ਹਾਦਸਾ : ਸੈਲਫੀ ਲੈ ਰਹੇ 4 ਦੋਸਤਾਂ ‘ਤੇ ਚੜ੍ਹਿਆ ਟਰੱਕ, ਹੋਈ ਸਾਰਿਆਂ ਦੀ ਮੌਤ
ਵਾਰਾਣਸੀ (ਆਵਾਜ਼ਿ ਕੌਮ ਬਿਊਰੋ)- ਵਾਰਾਣਸੀ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ ਪ੍ਰਯਾਗਰਾਜ-ਵਾਰਾਣਸੀ ਹਾਈਵੇਅ ‘ਤੇ ਉਸ ਸਮੇਂ ਚੀਕ-ਚਿਹਾੜਾ ਮਚ ਗਿਆ, ਜਦੋਂ 4 ਦੋਸਤਾਂ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਉਕਤ ਦੋਸਤ ਵਿੰਧਿਆਚਲ ਤੀਰਥ ਦੇ ਦਰਸ਼ਨ ਕਰਨ ਤੋਂ ਬਾਅਦ ਵਾਰਾਣਸੀ ਵਾਪਸ ਆ ਰਹੇ ਸਨ। ਰਾਸਤੇ ਵਿਚ ਜਦੋਂ 4 ਦੋਸਤ ਸੈਲਫੀ ਲੈ ਰਹੇ ਸਨ ਤਾਂ ਉਸ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਦੋਸਤਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਤਿੰਨ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਅਨੁਸਾਰ, ਵਾਰਾਣਸੀ ਦੇ ਸ਼ਿਵਪੁਰੀ ਤੋਂ ਅੱਠ ਨੌਜਵਾਨ ਵਿੰਧਿਆਚਲ ਦੇ ਦਰਸ਼ਨਾਂ ਲਈ ਮਿਰਜ਼ਾਪੁਰ ਗਏ ਸਨ। ਤੀਰਥ ਯਾਤਰਾ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਸੋਮਵਾਰ ਸਵੇਰੇ ਰੂਪਾਪੁਰ ਓਵਰਬ੍ਰਿਜ ‘ਤੇ ਆਪਣੀ ਸਕਾਰਪੀਓ ਖੜ੍ਹੀ ਕੀਤੀ ਅਤੇ ਸੈਲਫੀ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪ੍ਰਯਾਗਰਾਜ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕਾਰਪੀਓ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਨੇੜੇ ਸੈਲਫੀ ਲੈ ਰਹੇ ਨੌਜਵਾਨਾਂ ਨੂੰ ਕੁਚਲ ਦਿੱਤਾ। ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਗੱਡੀ ਵਿੱਚ ਫਸੇ ਲੋਕਾਂ ਨੂੰ ਗੈਸ ਕਟਰ ਦੀ ਵਰਤੋਂ ਕਰਕੇ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਨ ਯਾਦਵ, ਗੋਲੂ ਯਾਦਵ ਅਤੇ ਆਲੋਕ ਮਿਸ਼ਰਾ ਵਜੋਂ ਹੋਈ ਹੈ, ਜਦੋਂ ਕਿ ਚੌਥੇ ਪੀੜਤ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀਆਂ ਵਿੱਚੋਂ ਕਨ੍ਹਈਆ ਯਾਦਵ ਅਤੇ ਨਿਖਿਲ ਕੁਮਾਰ ਦੀ ਹਾਲਤ ਗੰਭੀਰ ਹੈ। ਤੀਜੇ ਜ਼ਖਮੀ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

