A blow to Trump ahead of the midterms: His party trails in 9 out of 10 polls; popularity declines due to the Iran conflict
ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਨੂੰ ਝਟਕਾ: 10 ’ਚੋਂ 9 ਸਰਵੇਖਣਾਂ ’ਚ ਪਾਰਟੀ ਪਿੱਛੇ, ਈਰਾਨ ਜੰਗ ਨਾਲ ਘਟੀ ਲੋਕਪ੍ਰਿਅਤਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਲਈ ਜਿੱਤ ਕਾਫ਼ੀ ਮੁਸ਼ਕਿਲ ਨਜ਼ਰ ਆ ਰਹੀ ਹੈ। 10 ਵੱਡੇ ਪਬਲਿਕ ਪੋਲਜ਼ ਵਿਚੋਂ 9 ਸਰਵੇਖਣ ਇਸ ਪਾਰਟੀ ਨੂੰ ਪਿੱਛੇ ਦੱਸ ਰਹੇ ਹਨ। ਮਿਡਟਰਮ ਚੋਣਾਂ ਵਿਚ ਕਾਂਗਰਸ ਦੇ ਦੋਵਾਂ ਸਦਨਾਂ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼’ ਅਤੇ ‘ਸੀਨੇਟ’ ਲਈ ਵੋਟਿੰਗ ਹੋਵੇਗੀ। ਫਿਲਹਾਲ ਦੋਵਾਂ ਸਦਨਾਂ ਵਿਚ ਰਿਪਬਲਿਕਨ ਪਾਰਟੀ ਕੋਲ ਮਾਮੂਲੀ ਬਹੁਮਤ ਹੈ। ਜੇਕਰ ਡੈਮੋਕ੍ਰੇਟਸ ਲੋੜੀਂਦੀਆਂ ਸੀਟਾਂ ਜਿੱਤ ਲੈਂਦੇ ਹਨ ਤਾਂ ਦੋਵਾਂ ਸਦਨਾਂ ਵਿਚ ਉਨ੍ਹਾਂ ਦਾ ਬਹੁਮਤ ਹੋ ਜਾਵੇਗਾ। ਅਜਿਹੇ ਵਿਚ ਟਰੰਪ ਲਈ ਆਪਣਾ ਏਜੰਡਾ ਲਾਗੂ ਕਰਨ ਅਤੇ ਮਨਮਰਜ਼ੀ ਕਰਨ ਵਿਚ ਮੁਸ਼ਕਿਲ ਆਵੇਗੀ। ਇੰਨਾ ਹੀ ਨਹੀਂ, ਆਪਣੀ ਪਾਰਟੀ ਵਿਚ ਵੀ ਟਰੰਪ ਦੀ ਲੋਕਪ੍ਰਿਅਤਾ ਲਗਾਤਾਰ ਡਿੱਗ ਰਹੀ ਹੈ, ਜੋ 89 ਫੀਸਦੀ ਤੋਂ ਘਟ ਕੇ ਹੁਣ ਸਿਰਫ਼ 75 ਫੀਸਦੀ ਰਹਿ ਗਈ ਹੈ। ਯੂਗੋਵ ਅਤੇ ਰਾਇਟਰਜ਼/ਇਪਸੋਸ ਦੇ ਹਾਲੀਆ ਸਰਵੇਖਣ ਮੁਤਾਬਕ ਰਾਸ਼ਟਰਪਤੀ ਟਰੰਪ ਦੀ ਅਪਰੂਵਲ ਰੇਟਿੰਗ ਡਿੱਗ ਕੇ 31 ਫੀਸਦੀ ਤੋਂ 33 ਫੀਸਦੀ ਦੇ ਵਿਚਕਾਰ ਰਹਿ ਗਈ ਹੈ। ਇਹ ਉਨ੍ਹਾਂ ਦੇ ਦੋਵਾਂ ਕਾਰਜਕਾਲਾਂ ਵਿਚ ਸਭ ਤੋਂ ਹੇਠਲਾ ਪੱਧਰ ਹੈ। ਉਨ੍ਹਾਂ ਦੀ ਡਿੱਗਦੀ ਲੋਕਪ੍ਰਿਅਤਾ ਕਰ ਕੇ ਰਿਪਬਲਿਕਨ ਉਮੀਦਵਾਰ ਖ਼ੁਦ ਵੀ ਉਨ੍ਹਾਂ ਤੋਂ ਦੂਰੀ ਬਣਾ ਰਹੇ ਹਨ।

