Female IPS officer fires AK-47 during Dussehra worship in Chhattisgarh; video goes viral
ਦੁਸਹਿਰਾ ਪੂਜਾ ਦੌਰਾਨ ਛੱਤੀਸਗੜ੍ਹ ‘ਚ ਮਹਿਲਾ IPS ਅਧਿਕਾਰੀ ਨੇ ਚਲਾਈ AK-47, ਵੀਡੀਓ ਵਾਇਰਲ
ਰਾਏਪੁਰ (ਆਵਾਜ਼ਿ ਕੌਮ ਬਿਊਰੋ)-ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਵਿਚ ਦੁਸਹਿਰੇ ਦੇ ਤਿਉਹਾਰ ਮੌਕੇ ਰਵਾਇਤੀ ‘ਸ਼ਸਤਰ ਪੂਜਾ’ ਦੌਰਾਨ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੀ ਇਕ ਮਹਿਲਾ ਅਧਿਕਾਰੀ ਵੱਲੋਂ ਏ. ਕੇ.-47 ਰਾਈਫਲ ਨਾਲ ਹਵਾ ਵਿਚ ਗੋਲੀਬਾਰੀ ਕੀਤੀ ਗਈ। ਮਹਿਲਾ IPS ਅਧਿਕਾਰੀ ਵਲੋਂ ਹਵਾ ਵਿਚ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਸੋਸ਼ਲ ਮੀਡੀਆ ’ਤੇ ਕੁਝ ਲੋਕਾਂ ਨੇ ਇਸ ਨੂੰ ਰਵਾਇਤੀ ਰਸਮ ਦਾ ਹਿੱਸਾ ਦੱਸਦੇ ਹੋਏ ਅਧਿਕਾਰੀ ਦਾ ਬਚਾਅ ਕੀਤਾ, ਜਦਕਿ ਹੋਰਨਾਂ ਨੇ ਹਥਿਆਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਣ ਨੂੰ ਲੈ ਕੇ ਸਵਾਲ ਉਠਾਏ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਦੁਸਹਿਰੇ ਮੌਕੇ ਰਾਜਨਾਂਦਗਾਂਵ ਸ਼ਹਿਰ ਦੇ ਪੁਲਸ ਲਾਈਨਜ਼ ਵਿਚ ਸ਼ਸਤਰ ਪੂਜਾ ਕੀਤੀ ਗਈ। ਪੁਲਸ ਸੁਪਰਡੈਂਟ (ਐੱਸ. ਪੀ.) ਅੰਕਿਤਾ ਸ਼ਰਮਾ ਦੀ ਮੌਜੂਦਗੀ ਵਿਚ ਅਸਲਾਖਾਨੇ ਵਿਚ ਰੱਖੇ ਹਥਿਆਰਾਂ ਅਤੇ ਵਿਭਾਗੀ ਵਾਹਨਾਂ ਦੀ ਪੂਜਾ ਹੋਈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਸਾੜ੍ਹੀ ਪਹਿਨੀ ਸ਼ਰਮਾ ਏ. ਕੇ.-47 ਰਾਈਫਲ ਨਾਲ ਕਈ ਵਾਰ ਹਵਾ ਵਿਚ ਗੋਲੀਆਂ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਮਾਮਲੇ ਦੀ ਇਕ ਹੋਰ ਵੀਡੀਓ ਵਿਚ ਰਾਜਨਾਂਦਗਾਂਵ ਦੇ ਵਧੀਕ ਪੁਲਸ ਸੁਪਰਡੈਂਟ (ਏ. ਡੀ. ਸੀ. ਪੀ.) ਕੀਰਤਨ ਰਾਠੌਰ ਵੀ ਉਨ੍ਹਾਂ ਤੋਂ ਬਾਅਦ ਰਾਈਫਲ ਨਾਲ ਗੋਲੀ ਚਲਾਉਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਦੁਸਹਿਰੇ ਦੇ ਤਿਉਹਾਰ ਮੌਕੇ ਰਾਏਪੁਰ, ਬਿਲਾਸਪੁਰ, ਰਾਏਗੜ੍ਹ, ਦੁਰਗ, ਕਬੀਰਧਾਮ ਅਤੇ ਬਸਤਰ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਸ਼ਸਤਰ ਪੂਜਾ ਤੋਂ ਬਾਅਦ ਪੁਲਸ ਕਰਮਚਾਰੀਆਂ ਦੇ ਹਵਾ ਵਿਚ ਗੋਲੀਬਾਰੀ ਕਰਨ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਉਪ ਮੁੱਖ ਮੰਤਰੀ ਅਰੁਣ ਸਾਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਿਭਾਗ ਇਸ ਮਾਮਲੇ ਦਾ ਨੋਟਿਸ ਲਵੇਗਾ।

