CBI to question CM Mann’s OSD Rajbir Ghumman for the third time today
CM ਮਾਨ ਦੇ OSD ਰਾਜਬੀਰ ਘੁੰਮਣ ਕੋਲੋਂ ਤੀਜੀ ਵਾਰ ਅੱਜ CBI ਕਰੇਗੀ ਪੁੱਛਗਿੱਛ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ. ਡੀ. ਰਾਜਬੀਰ ਘੁੰਮਣ ਅੱਜ ਤੀਜੀ ਵਾਰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦਫ਼ਤਰ ‘ਚ ਮੁੱਖ ਮੰਤਰੀ ਦਫ਼ਤਰ (ਸੀ. ਐੱਮ. ਓ) ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੇ ਸਬੰਧ ‘ਚ ਪੁੱਛਗਿੱਛ ਲਈ ਪੇਸ਼ ਹੋਣਗੇ। ਘੁੰਮਣ ਤੋਂ ਪਹਿਲੀ ਵਾਰ 40 ਅਤੇ ਦੂਜੀ ਵਾਰ 50 ਸਵਾਲ ਪੁੱਛੇ ਗਏ। ਸੀ. ਬੀ. ਆਈ. ਦਫ਼ਤਰ ਤੋਂ ਨਿਕਲਣ ‘ਤੇ ਘੁੰਮਣ ਨੇ ਕਿਹਾ ਸੀ ਕਿ ਇਹ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ। ਸੋਮਵਾਰ ਨੂੰ ਸੀ. ਬੀ. ਆਈ. ਦੀ ਪੁੱਛਗਿੱਛ ਮਗਰੋਂ ਰਾਜਬੀਰ ਘੁੰਮਣ ਨੇ ਕਿਹਾ ਕਿ ਪੁੱਛੇ ਗਏ ਕੁਝ ਸਵਾਲ ਪੁਰਾਣੇ ਸਨ ਅਤੇ ਕੁਝ ਨਵੇਂ। ਉਨ੍ਹਾਂ ਸਾਰਿਆਂ ਦੇ ਜਵਾਬ ਦਿੱਤੇ ਸਨ। ਉਨ੍ਹਾਂ ਨੂੰ ਹੁਣ 22 ਅਕਤੂਬਰ ਨੂੰ ਦੋਬਾਰਾ ਤਲਬ ਕੀਤਾ ਗਿਆ ਸੀ। ਘੁੰਮਣ ਨੇ ਕਿਹਾ ਕਿ ਉਹ ਨਿਰਪੱਖ ਜਾਂਚ ਲਈ ਤਿਆਰ ਹਨ ਅਤੇ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ। ਇਸ ਤੋਂ ਪਹਿਲਾਂ ਰਾਜਬੀਰ ਘੁੰਮਣ ਨੂੰ ਪਹਿਲੀ ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਲਗਭਗ 40 ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੇ ਸ਼ਾਂਤੀ ਨਾਲ ਦਿੱਤੇ। ਘੁੰਮਣ ਨੇ ਕਿਹਾ ਕਿ ਸੀ. ਬੀ. ਆਈ. ਦੀ ਜਾਂਚ ਦਾ ਆਪਣਾ ਤਰੀਕਾ ਹੈ, ਇਸ ਲਈ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਉਨ੍ਹਾਂ ਆਪਣੇ ਸਾਥੀਆਂ ਨੂੰ ਨਾ ਘਬਰਾਉਣ ਦੀ ਗੱਲ ਵੀ ਕਹੀ ਸੀ ਅਤੇ ਭਰੋਸਾ ਦਿੱਤਾ ਸੀ ਉਨ੍ਹਾਂ ਨੂੰ ਜਲਦੀ ਹੀ ਕਲੀਨ ਚਿੱਟ ਮਿਲ ਜਾਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੀ ਇਸ ਮਾਮਲੇ ‘ਚ ਕਾਰਵਾਈ ਕਰ ਰਹੀ ਹੈ। ED ਨੇ 13 ਅਕਤੂਬਰ ਨੂੰ ਜਲੰਧਰ ‘ਚ ਇਕ ਕੇਸ ਦਰਜ ਕੀਤਾ ਸੀ। ED ਹੁਣ CBI ਦੇ ਨਾਲ ਮਿਲ ਕੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

