Body of a man found at a factory under construction in Ludhiana; murder suspected
ਲੁਧਿਆਣਾ ‘ਚ ਨਿਰਮਾਣ ਅਧੀਨ ਫੈਕਟਰੀ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਕਤਲ ਦਾ ਖ਼ਦਸ਼ਾ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਹੈਬੋਵਾਲ ਦੇ ਸੰਧੂ ਨਗਰ ਖੇਤਰ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਇਕ ਨਿਰਮਾਣ ਅਧੀਨ ਇਮਾਰਤ ਦੇ ਟਾਇਲਟ ‘ਚੋਂ ਇੱਟਾਂ ਦੇ ਮਲਬੇ ਹੇਠ ਦੱਬੀ ਮਿਲੀ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮਾਂ ਨੇ ਨਿੱਜੀ ਰੰਜਿਸ਼ ਜਾਂ ਝਗੜੇ ਕਾਰਨ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ ਲਾਸ਼ ਨੂੰ ਟਾਇਲਟ ਦੇ ਅੰਦਰ ਮਲਬੇ ਦੇ ਢੇਰ ਹੇਠ ਦੱਬ ਦਿੱਤਾ। ਸੂਚਨਾ ਮਿਲਣ ‘ਤੇ ਸੀਨੀਅਰ ਪੁਲਸ ਅਧਿਕਾਰੀ ਫੋਰੈਂਸਿਕ ਟੀਮਾਂ ਨਾਲ ਮੌਕੇ ‘ਤੇ ਪਹੁੰਚੇ, ਮਲਬੇ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਟਰੀ ‘ਚ ਰੱਖ ਦਿੱਤਾ। ਹੈਬੋਵਾਲ ਥਾਣਾ ਪੁਲਸ ਨੇ ਅਣਪਛਾਤੇ ਕਾਤਲਾਂ ਵਿਰੁੱਧ ਕਤਲ ਅਤੇ ਸਾਜ਼ਿਸ਼ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸੰਧੂ ਨਗਰ ਦੀ ਗਲੀ ਨੰਬਰ 17 ਵਿਚ ਆਈ. ਪੀ. ਐੱਸ. ਸਕੂਲ ਨੇੜੇ ਅਦਾਲਤ ਵਿਚ ਵਕਾਲਤ ਕਰਨ ਵਾਲੇ ਹਰਮਨ ਸਿੰਘ ਦੇ ਦਾਦਾ ਤਾਰਾ ਸਿੰਘ ਦੀ ਜੱਦੀ ਜਾਇਦਾਦ ਹੈ। ਇਸ ਜਾਇਦਾਦ ‘ਤੇ ਇਸ ਸਮੇਂ ਇਕ ਨਵੀਂ ਫੈਕਟਰੀ ਦੇ ਢਾਂਚੇ ‘ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸ਼ਨੀਵਾਰ ਨੂੰ ਕੰਪਲੈਕਸ ਦੇ ਅੰਦਰ ਕੁਝ ਗਤੀਵਿਧੀ ਅਤੇ ਬਦਬੂ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਅਤੇ ਜਦੋਂ ਟਾਇਲਟ ਦੀ ਜਾਂਚ ਕੀਤੀ ਗਈ ਤਾਂ ਇੱਟਾਂ ਹੇਠੋਂ ਵਿਅਕਤੀ ਦੀ ਲਾਸ਼ ਮਿਲੀ। ਇਸ ਭਿਆਨਕ ਦ੍ਰਿਸ਼ ਨੂੰ ਵੇਖ ਕੇ ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਸਥਾਨਕ ਪੁਲਸ ਥਾਣੇ ਨੂੰ ਸੂਚਿਤ ਕੀਤਾ। ਪੁਲਸ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਮਲਬਾ ਹਟਾ ਕੇ ਲਾਸ਼ ਨੂੰ ਬਰਾਮਦ ਕੀਤਾ। ਮੁੱਢਲੀ ਜਾਂਚ ਮੁਤਾਬਕ ਮ੍ਰਿਤਕ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਜਾਪਦੀ ਹੈ।ਵਿਅਕਤੀ ਦੀ ਮ੍ਰਿਤਕ ਦੇਹ ‘ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਨਾਲ ਸ਼ੱਕ ਹੈ ਕਿ ਹਮਲਾਵਰਾਂ ਨੇ ਪਹਿਲਾਂ ਉਸ ਨੂੰ ਕਿਸੇ ਭਾਰੀ ਜਾਂ ਤੇਜ਼ਧਾਰ ਹਥਿਆਰ ਨਾਲ ਮਾਰਿਆ ਅਤੇ ਫਿਰ ਉਸ ਦੀ ਪਛਾਣ ਛੁਪਾਉਣ ਅਤੇ ਮਾਮਲੇ ਨੂੰ ਦਬਾਉਣ ਲਈ ਟਾਇਲਟ ਵਿੱਚ ਇੱਟਾਂ ਅਤੇ ਪੱਥਰਾਂ ਹੇਠਾਂ ਲਾਸ਼ ਨੂੰ ਦੱਬ ਦਿੱਤਾ। ਮ੍ਰਿਤਕ ਤੋਂ ਕੋਈ ਪਛਾਣ ਪੱਤਰ ਬਰਾਮਦ ਨਹੀਂ ਹੋਇਆ, ਜਿਸ ਕਾਰਨ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ‘ਚ ਦਰਜ ਗੁੰਮਸ਼ੁਦਾ ਵਿਅਕਤੀ ਦੀਆਂ ਰਿਪੋਰਟਾਂ ਦੀ ਸਮੀਖਿਆ ਕੀਤੀ। ਹੈਬੋਵਾਲ ਥਾਣੇ ਦੇ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਕਿ ਜਾਇਦਾਦ ਦੇ ਮਾਲਕ ਹਰਮਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸੰਧੂ ਨਗਰ ਅਤੇ ਆਸ ਪਾਸ ਦੀਆਂ ਗਲੀਆਂ ਵਿੱਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਟਨਾ ਸਮੇਂ ਨਿਰਮਾਣ ਅਧੀਨ ਇਮਾਰਤ ‘ਚ ਕੌਣ ਦਾਖ਼ਲ ਹੋਇਆ ਸੀ। ਪੁਲਸ ਦਾ ਦਾਅਵਾ ਹੈ ਕਿ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਇਸ ਘਟਨਾ ਦਾ ਪਤਾ ਲੱਗ ਸਕੇਗਾ।

