Classes and exams to continue online until Diwali; major decision taken following unrest at Jamia
ਦੀਵਾਲੀ ਤੱਕ ਆਨਲਾਈਨ ਚੱਲਣਗੀਆਂ ਕਲਾਸਾਂ ਤੇ ਪ੍ਰੀਖਿਆਵਾਂ, ਜਾਮੀਆ ‘ਚ ਹੰਗਾਮੇ ਤੋਂ ਬਾਅਦ ਵੱਡਾ ਫੈਸਲਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਅਤੇ ਤਣਾਅਪੂਰਨ ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਦੀਵਾਲੀ ਦੀਆਂ ਛੁੱਟੀਆਂ (8 ਨਵੰਬਰ 2026) ਤੱਕ ਸਾਰੇ ਕੋਰਸਾਂ ਦੀਆਂ ਕਲਾਸਾਂ ਅਤੇ ਦੂਜੇ ਮਿਡ-ਟਰਮ ਪ੍ਰੀਖਿਆਵਾਂ ਆਨਲਾਈਨ ਮੋਡ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। 26 ਅਕਤੂਬਰ ਨੂੰ ਵਾਈਸ ਚਾਂਸਲਰ (ਉਪ-ਕੁਲਪਤੀ) ਦੀ ਪ੍ਰਧਾਨਗੀ ਹੇਠ ਹੋਈ ਉੱਚ-ਪੱਧਰੀ ਸਮੀਖਿਆ ਬੈਠਕ ਵਿੱਚ ਕੈਂਪਸ ਦੀ ਸੁਰੱਖਿਆ ਅਤੇ ਸ਼ਾਂਤੀ ਬਣਾਏ ਰੱਖਣ ਲਈ ਇਹ ਨਿਰਣਾ ਲਿਆ ਗਿਆ। ਦੂਜੇ ਪਾਸੇ, ਮੰਗਾਂ ਮੰਨੇ ਜਾਣ ਦੇ ਬਾਵਜੂਦ ਧਰਨੇ ‘ਤੇ ਅੜੇ ਵਿਦਿਆਰਥੀਆਂ ਨੂੰ ਚੀਫ਼ ਪ੍ਰੋਕਟਰ ਦਫ਼ਤਰ ਵੱਲੋਂ ਅੰਤਿਮ ਨੋਟਿਸ ਜਾਰੀ ਕਰਕੇ ਨੋਰਥ ਕੈਂਪਸ ਤੁਰੰਤ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਨੋਟਿਸ ਭੂਗੋਲ ਵਿਭਾਗ ਦੇ ਭੁੱਖ ਹੜਤਾਲ ‘ਤੇ ਬੈਠੇ ਵਿਦਿਆਰਥੀ ਰੇਹਾਨ ਖ਼ਾਨ ਅਤੇ ਉਸ ਦੇ ਸਾਥੀਆਂ ਨੂੰ ਭੇਜਿਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਗੁਲਿਸਤਾਂ-ਏ-ਗ਼ਾਲਿਬ ਇਮਾਰਤ (ਜਿੱਥੇ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿਭਾਗ ਹਨ) ਅਤੇ ਗ਼ਾਲਿਬ ਲੌਨ ‘ਚ ਵਿਦਿਆਰਥੀਆਂ ਦਾ ਧਰਨਾ ਗ਼ੈਰ-ਕਾਨੂੰਨੀ ਹੈ, ਜਿਸ ਨਾਲ ਵਿਭਾਗੀ ਕੰਮਕਾਜ ਵਿੱਚ ਰੁਕਾਵਟ ਪੈ ਰਹੀ ਹੈ। ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਵਿਭਾਗਾਂ ਦੇ ਤਾਲੇ ਤੋੜੇ ਗਏ ਹਨ ਅਤੇ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪ੍ਰਸ਼ਾਸਨ ਅਨੁਸਾਰ ਸਵੇਰੇ ਹੀ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸਿਧਾਂਤਕ ਮਨਜ਼ੂਰੀ ਦੇ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਜ਼ਿਆਦਾਤਰ ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰ ਦਿੱਤਾ ਸੀ। ਹਾਲਾਂਕਿ, ਕੁਝ ਵਿਦਿਆਰਥੀ ਅਧਿਕਾਰੀਆਂ ਦੀ ਤਿੰਨ ਘੰਟੇ ਦੀ ਸਮਝਾਉਣ ਦੀ ਕੋਸ਼ਿਸ਼ ਦੇ ਬਾਵਜੂਦ ਧਰਨੇ ‘ਤੇ ਅੜੇ ਰਹੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਦਿਆਰਥੀਆਂ ਨੇ ਨੋਰਥ ਕੈਂਪਸ ਅਤੇ ਧਰਨੇ ਵਾਲੀ ਜਗ੍ਹਾ ਨੂੰ ਤੁਰੰਤ ਖਾਲੀ ਨਾ ਕੀਤਾ, ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ, ਪੀ.ਐੱਚ.ਡੀ. (PhD) ਰਿਸਰਚ ਸਕਾਲਰਾਂ ਨੂੰ ਵੀ ਆਪਣੇ ਸੁਪਰਵਾਈਜ਼ਰਾਂ ਨਾਲ ਆਨਲਾਈਨ ਸੰਪਰਕ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

