Chandigarh Traffic Police issues advisory in view of the festive season; appeals to the public
ਤਿਉਹਾਰਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਈਜ਼ਰੀ, ਲੋਕਾਂ ਨੂੰ ਕੀਤੀ ਅਪੀਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ‘ਚ ਵੱਧਣ ਵਾਲੀ ਭੀੜ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਆਵਾਜਾਈ ਨੂੰ ਸੁਚਾਰੂ ਰੱਖਣ ਲਈ 28 ਅਕਤੂਬਰ ਤੋਂ 8 ਨਵੰਬਰ 2026 ਤੱਕ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦੇ ਨੇੜੇ ਸਥਿਤ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਮੈਦਾਨਾਂ ਨੂੰ ਪਾਰਕਿੰਗ ਲਈ ਵਰਤਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਸਹੂਲਤ ਸਕੂਲ ਦੇ ਸਮੇਂ ਤੋਂ ਬਾਅਦ ਅਤੇ ਛੁੱਟੀਆਂ ਵਾਲੇ ਦਿਨ ਦੀਵਾਲੀ ਤੱਕ ਪੂਰਾ ਸਮਾਂ ਉਪਲਬਧ ਰਹੇਗੀ। ਪੁਲਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੇੜਲੇ ਬਾਜ਼ਾਰਾਂ ‘ਚ ਜਾਣ ਲਈ ਵਾਹਨਾਂ ਦੀ ਬਜਾਏ ਪੈਦਲ ਜਾਣ ਨੂੰ ਤਰਜ਼ੀਹ ਦੇਣ ਅਤੇ ਭੀੜ ਵਾਲੇ ਸਮੇਂ ਦੌਰਾਨ ਸਫ਼ਰ ਕਰਨ ਤੋਂ ਬਚਣ ਤਾਂ ਜੋ ਸੜਕਾਂ ‘ਤੇ ਜਾਮ ਨਾ ਲੱਗੇ। ਟ੍ਰੈਫਿਕ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਵਾਹਨਾਂ ਨੂੰ ਸਿਰਫ਼ ਨਿਰਧਾਰਤ ਥਾਵਾਂ ‘ਤੇ ਹੀ ਸਹੀ ਢੰਗ ਨਾਲ ਪਾਰਕ ਕੀਤਾ ਜਾਵੇ। ਸੜਕਾਂ, ਸਾਈਕਲ ਟਰੈਕਾਂ ਜਾਂ ਪੈਦਲ ਰਸਤਿਆਂ ‘ਤੇ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਗਲਤ ਪਾਰਕ ਕੀਤੇ ਵਾਹਨਾਂ ਨੂੰ ਟੋਅ ਜਾਂ ਕਲੈਂਪ ਕੀਤਾ ਜਾਵੇਗਾ। ਅਜਿਹੀ ਸਥਿਤੀ ‘ਚ ਵਾਹਨ ਮਾਲਕਾਂ ਨੂੰ ਟ੍ਰੈਫਿਕ ਹੈਲਪਲਾਈਨ ਨੰਬਰ 1073 ਜਾਂ ਐਮਰਜੈਂਸੀ ਨੰਬਰ 112 ‘ਤੇ ਸੰਪਰਕ ਕਰਨਾ ਪਵੇਗਾ। ਇਸ ਤੋਂ ਇਲਾਵਾ ਪੁਲਸ ਨੇ ਲੋਕਾਂ ਨੂੰ ਵਾਹਨਾਂ ‘ਚ ਕੀਮਤੀ ਸਾਮਾਨ ਨਾ ਛੱਡਣ ਦੀ ਸਲਾਹ ਦਿੱਤੀ ਹੈ, ਕਿਉਂਕਿ ਨਿਰਧਾਰਤ ਪਾਰਕਿੰਗਾਂ ‘ਚ ਸਮਾਨ ਚੋਰੀ ਹੋਣ ਦੀ ਸੂਰਤ ‘ਚ ਪੁਲਸ ਜ਼ਿੰਮੇਵਾਰ ਨਹੀਂ ਹੋਵੇਗੀ। ਲੋਕਾਂ ਨੂੰ ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਘਟਾਉਣ ਲਈ ਕਾਰਪੂਲਿੰਗ ਕਰਨ, ਜਾਮ ਦੌਰਾਨ ਧੀਰਜ ਰੱਖਣ ਅਤੇ ਬੇਲੋੜਾ ਹਾਰਨ ਨਾ ਵਜਾਉਣ ਦੀ ਵੀ ਹਦਾਇਤ ਕੀਤੀ ਗਈ ਹੈ। ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਲਈ ਸੈਕਟਰ 8, 15, 18, 19, 20, 22, 29, 30, 32, 34, 35, 36, 37, 38, 40, 41, 44, 45, 46, 47 ਅਤੇ ਮਨੀਮਾਜਰਾ ਸਮੇਤ ਸ਼ਹਿਰ ਦੀਆਂ 21 ਪ੍ਰਮੁੱਖ ਮਾਰਕੀਟਾਂ ਦੇ ਨਾਲ ਲੱਗਦੇ ਸਰਕਾਰੀ ਮਾਡਲ ਸਕੂਲਾਂ, ਹਾਈ ਸਕੂਲਾਂ ਅਤੇ ਹੋਰ ਸਰਕਾਰੀ ਵਿੱਦਿਅਕ ਅਦਾਰਿਆਂ ‘ਚ ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਤਿਉਹਾਰਾਂ ਦੌਰਾਨ ‘ਸਿਟੀ ਬਿਊਟੀਫੁਲ’ ਨੂੰ ਸੁੰਦਰ ਅਤੇ ਟ੍ਰੈਫਿਕ ਮੁਕਤ ਰੱਖਣ ਲਈ ਆਮ ਜਨਤਾ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਹੈ।

