Japan jolted by earthquake early this morning; magnitude measured at 6.0, with panicked residents fleeing their homes
ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਜਾਪਾਨ, 6.0 ਰਹੀ ਤੀਬਰਤਾ, ਦਹਿਸ਼ਤ ਮਾਰੇ ਘਰਾਂ ‘ਚੋਂ ਬਾਹਰ ਭੱਜੇ ਲੋਕ
ਟੋਕੀਓ (ਆਵਾਜ਼ਿ ਕੌਮ ਬਿਊਰੋ)- ਜਾਪਾਨ ਵਿੱਚ ਐਤਵਾਰ (1 ਨਵੰਬਰ 2026) ਦੀ ਸਵੇਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ। ਇਹ ਝਟਕੇ ਤੜਕੇ 3:45 ਵਜੇ ਆਏ। ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਸੁੱਤੇ ਲੋਕ ਆਪਣੇ ਘਰਾਂ ਵਿਚੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜ ਗਏ। ਜਾਪਾਨੀ ਖੇਤਰ ਸ਼ੀਮਾ (Shima) ਤੋਂ 58 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਇਸ ਭੂਚਾਲ ਦਾ ਕੇਂਦਰ ਸਥਿਤ ਸੀ। ਹਾਲਾਂਕਿ, ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸਪੱਸ਼ਟ ਰਿਪੋਰਟ ਜਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਵੀ ਜਾਪਾਨ ਦੇ ਬੋਨਿਨ ਟਾਪੂ (Bonin Islands) ਦੇ ਨੇੜੇ 6.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਬੋਨਿਨ ਟਾਪੂ ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ ਸਥਿਤ ਹਨ, ਜਿੱਥੇ ਅਕਸਰ ਭੂਚਾਲੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ। ਜਾਪਾਨ ਪ੍ਰਸ਼ਾਂਤ ਮਹਾਂਸਾਗਰ ਦੇ ਉਸ ਖੇਤਰ ਵਿੱਚ ਸਥਿਤ ਹੈ ਜਿੱਥੇ ਕਈ ਟੈਕਟੋਨਿਕ ਪਲੇਟਾਂ (Tectonic Plates) ਆਪਸ ਵਿੱਚ ਮਿਲਦੀਆਂ ਹਨ। ਧਰਤੀ ਦੀਆਂ ਇਹ ਪਲੇਟਾਂ ਲਗਾਤਾਰ ਹਿੱਲਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਆਪਸ ਵਿੱਚ ਟਕਰਾਉਂਦੀਆਂ ਹਨ ਜਾਂ ਰਗੜ ਖਾਂਦੀਆਂ ਹਨ, ਤਾਂ ਇਨ੍ਹਾਂ ਵਿੱਚ ਭਾਰੀ ਦਬਾਅ ਅਤੇ ਊਰਜਾ ਪੈਦਾ ਹੁੰਦੀ ਹੈ। ਇਹ ਊਰਜਾ ਜਦੋਂ ਅਚਾਨਕ ਬਾਹਰ ਨਿਕਲਦੀ ਹੈ, ਤਾਂ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ।

