BJP assigns duties for Punjab Assembly elections; issues these directives to leaders
ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਲਾਈਆਂ ਡਿਊਟੀਆਂ, ਆਗੂਆਂ ਨੂੰ ਜਾਰੀ ਕੀਤੇ ਆਹ ਹੁਕਮ
ਮਾਛੀਵਾੜਾ ਸਾਹਿਬ (ਆਵਾਜ਼ਿ ਕੌਮ ਬਿਊਰੋ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਬਲਾਕ ਅਤੇ ਬੂਥ ਪੱਧਰ ’ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਉਣ ਦੇ ਨਾਲ-ਨਾਲ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਇਸੇ ਲੜੀ ਤਹਿਤ ਮਾਛੀਵਾੜਾ ਭਾਜਪਾ ਮੰਡਲ ਦੀ ਵਿਸ਼ੇਸ਼ ਮੀਟਿੰਗ ਪੁਲਸ ਜ਼ਿਲ੍ਹਾ ਖੰਨਾ ਦੇ ਵਾਈਸ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਲਾਲ ਸ਼ਰਮਾ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਦੇ ਲੋਕ ਭਾਜਪਾ ਦੀਆਂ ਲੋਕ-ਹਿੱਤੂ ਨੀਤੀਆਂ ਤੋਂ ਜਾਣੂੰ ਹੋ ਚੁੱਕੇ ਹਨ ਅਤੇ ਪਾਰਟੀ ਸੂਬੇ ’ਚ ਭਾਰੀ ਬਹੁਮਤ ਨਾਲ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ’ਤੇ ਅਸਫ਼ਲ ਸਾਬਤ ਹੋਈ ਹੈ ਅਤੇ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੇ ਸਰਬਪੱਖੀ ਵਿਕਾਸ ਲਈ ਡਬਲ ਇੰਜਣ ਸਰਕਾਰ ਲਿਆਉਣ ਦੇ ਹੱਕ ’ਚ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਪਿੰਡਾਂ ’ਚ ਬੂਥ ਪੱਧਰ ’ਤੇ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਵਿਧਾਨ ਸਭਾ ਹਲਕਾ ਸਮਰਾਲਾ ਦੇ ਹਰ ਪਿੰਡ ’ਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਭਾਜਪਾ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਯੋਜਨਾਵਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਸੀਨੀਅਰ ਭਾਜਪਾ ਆਗੂ ਅਸ਼ੋਕ ਮਿੱਤਲ, ਪਵਨ ਕੁਮਾਰ ਸਿੰਗਲਾ, ਸਤੀਸ਼ ਸਿੰਗਲਾ, ਅਸ਼ੋਕ ਕੁਮਾਰ, ਮਨੋਜ ਤਿਵਾੜੀ, ਜਤਿੰਦਰ ਸ਼ਰਮਾ, ਡਾ. ਪ੍ਰਵੀਨ ਗੋਇਲ, ਸੰਜੀਵ ਲੀਹਲ, ਡਾ. ਸੰਜੀਵ ਗਰਗ, ਵਿਕਾਸ ਮਿੱਤਲ, ਅਮਿਤ ਸਹਾਰਨ, ਰਾਣੀ ਬਾਲਾ, ਰਾਜ ਰਾਣੀ, ਮੋਨਿਕਾ ਸ਼ਰਮਾ, ਹਰਜਿੰਦਰ ਸਿੰਘ, ਪਵਨ ਸ਼ਾਸਤਰੀ, ਰਾਮਪਾਲ, ਅਸ਼ਵਨੀ ਸਿੰਗਲਾ, ਸਤਨਾਮ ਸਿੰਘ ਰਵੀ, ਜਗਨਨਾਥ, ਹਰਸ਼, ਵਿਕਾਸ ਰਾਣਾ, ਮੁਖਤਿਆਰ ਸਿੰਘ, ਕਰਨ, ਕੁਲਦੀਪ ਸਿੰਘ ਕਾਲਾ, ਪ੍ਰਵੇਸ਼ ਕੁਮਾਰ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਜਸਪਾਲ ਸਿੰਘ ਲੱਕੀ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਸ਼ਮਸ਼ੇਰ ਸਿੰਘ, ਜਸਪਾਲ ਸਿੰਘ, ਅਜਮੇਰ ਸਿੰਘ ਜੱਸੋਵਾਲ, ਲਕਸ਼ਮੀ ਨਰਾਇਣ ਅਤੇ ਪ੍ਰਿਤਪਾਲ ਸਿੰਘ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਰਕਰ ਹਾਜ਼ਰ ਸਨ।

