The scourge of polio shows no signs of stopping in Pakistan! 8th case reported within a year
ਪਾਕਿਸਤਾਨ ‘ਚ ਨਹੀਂ ਰੁਕ ਰਿਹਾ ਪੋਲੀਓ ਦਾ ਕਹਿਰ ! ਇਕ ਸਾਲ ‘ਚ 8ਵਾਂ ਮਾਮਲਾ ਆਇਆ ਸਾਹਮਣੇ
Islamabad, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ‘ਚ ਪੋਲੀਓ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨੈਸ਼ਨਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ (NEOC) ਅਨੁਸਾਰ ਖੈਬਰ ਪਖਤੂਨਖਵਾ ਸੂਬੇ ਦੇ ਖੈਬਰ ਜ਼ਿਲ੍ਹੇ ਦੀ ਇੱਕ 13 ਮਹੀਨਿਆਂ ਦੀ ਮਾਸੂਮ ਬੱਚੀ ‘ਚ ਸਾਲ 2026 ਦੇ 8ਵੇਂ ਪੋਲੀਓ ਕੇਸ ਦੀ ਪੁਸ਼ਟੀ ਹੋਈ ਹੈ। ਖੈਬਰ ਜ਼ਿਲ੍ਹੇ ਤੋਂ ਇਹ ਦੂਜਾ ਅਤੇ ਸੂਬੇ ਤੋਂ ਛੇਵਾਂ ਮਾਮਲਾ ਹੈ। ਦੁਨੀਆ ‘ਚ ਸਿਰਫ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਹੀ ਅਜਿਹੇ ਦੇਸ਼ ਬਚੇ ਹਨ ਜਿੱਥੇ ‘ਵਾਈਲਡ ਪੋਲੀਓ ਵਾਇਰਸ’ ਦੇ ਨਵੇਂ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ‘ਚ ਵੈਕਸੀਨੇਸ਼ਨ ਟੀਮਾਂ ਦੀ ਸੁਰੱਖਿਆ ‘ਚ ਲੱਗੇ ਪੁਲਸ ਕਰਮਚਾਰੀਆਂ ‘ਤੇ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ, ਜਿਸ ਕਾਰਨ ਬੱਚਿਆਂ ਨੂੰ ਪੋਲੀਓ ਦੀ ਖ਼ੁਰਾਕ ਨਹੀਂ ਮਿਲ ਰਹੀ ਤੇ ਪੋਲੀਓ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਲੋਚਿਸਤਾਨ ਦੇ ਨੋਸ਼ਕੀ ‘ਚ ਔਰਤ ਪੋਲੀਓ ਵਰਕਰਾਂ ਦੀ ਸੁਰੱਖਿਆ ਕਰ ਰਹੇ 2 ਪੁਲਸ ਜਵਾਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦਕਿ ਬਾਜੌਰ ‘ਚ ਹੋਏ ਵੱਖ-ਵੱਖ ਹਮਲਿਆਂ ਵਿੱਚ ਪੋਲੀਓ ਟੀਮ ਦੇ 2 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ‘ਪਾਕਿਸਤਾਨ ਪੋਲੀਓ ਇਰਾਡੀਕੇਸ਼ਨ ਇਨੀਸ਼ੀਏਟਿਵ’ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਿਸ਼ੇਸ਼ ਵੈਕਸੀਨੇਸ਼ਨ ਮੁਹਿੰਮਾਂ ਦੀ ਯੋਜਨਾ ਬਣਾਈ ਜਾ ਰਹੀ ਹੈ, ਤਾਂ ਜੋ ਦੇਸ਼ ‘ਚੋਂ ਪੋਲੀਓ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਰੋਕਿਆ ਜਾ ਸਕੇ।

