‘Pay 10 lakh rupees each, or else…’: Nagpur bullion traders receive death threats from the Lawrence gang
’10-10 ਲੱਖ ਰੁਪਏ ਦਿਓ ਨਹੀਂ ਤਾਂ…’, ਨਾਗਪੁਰ ਦੇ ਸਰਾਫ਼ਾ ਵਪਾਰੀਆਂ ਲਾਰੈਂਸ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ
ਨਾਗਪੁਰ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਸਰਾਫ਼ਾ ਬਾਜ਼ਾਰ ਦੇ ਘੱਟੋ-ਘੱਟ 8 ਵਪਾਰੀਆਂ ਨੂੰ ‘ਲਾਰੈਂਸ ਬਿਸ਼ਨੋਈ ਗੈਂਗ’ ਦੇ ਨਾਂ ’ਤੇ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ, ਜਿਨ੍ਹਾਂ ’ਚ ਹਰੇਕ ਤੋਂ 10-10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਪੁਲਸ ਨੂੰ ਇਸ ਮਾਮਲੇ ਵਿਚ ਸਥਾਨਕ ਅਪਰਾਧੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਹੈ। ਚਿੱਠੀਆਂ ਭੇਜਣ ਵਾਲਿਆਂ ਨੇ ਰਕਮ ਨਾ ਦੇਣ ਜਾਂ ਪੁਲਸ ਨੂੰ ਸੂਚਨਾ ਦੇਣ ’ਤੇ ਵਪਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ਦੀ ਵੀ ਧਮਕੀ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ, ਇਹ ਚਿੱਠੀਆਂ 4-5 ਦਿਨ ਪਹਿਲਾਂ ਆਉਣੀਆਂ ਸ਼ੁਰੂ ਹੋਈਆਂ ਸਨ, ਜਿਨ੍ਹਾਂ ਵਿਚ ਵਪਾਰੀਆਂ ਨੂੰ ਕਿਹਾ ਗਿਆ ਸੀ ਕਿ ਉਹ ਰਕਮ ਦੇਣ ਦੀ ਸਹਿਮਤੀ ਪ੍ਰਗਟਾਉਣ ਲਈ ਆਪਣੀਆਂ ਦੁਕਾਨਾਂ ਦੇ ਬਾਹਰ ਇਕ ਵਿਸ਼ੇਸ਼ ਨਾਅਰਾ ਲਿਖਣ। ਉਨ੍ਹਾਂ ਤੋਂ ਇਹ ਵੀ ਕਿਹਾ ਗਿਆ ਸੀ ਕਿ ਪੈਸਾ ਸੌਂਪਣ ਦੇ ਸਬੰਧ ਵਿਚ ਅੱਗੇ ਦੇ ਹੁਕਮ ਬਾਅਦ ਵਿਚ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ-3) ਰਾਹੁਲ ਮਦਨੇ ਨੇ ਦੱਸਿਆ, “ਅਸੀਂ ਵਪਾਰੀਆਂ ਨਾਲ ਗੱਲ ਕੀਤੀ ਹੈ। ਉਹ ਸ਼ਿਕਾਇਤ ਦਰਜ ਕਰਵਾਉਣ ਲਈ ਤਿਆਰ ਹਨ। ਇਸ ਸਿਲਸਿਲੇ ਵਿਚ ਤਹਿਸੀਲ ਪੁਲਸ ਥਾਣੇ ’ਚ ਮਾਮਲਾ ਦਰਜ ਕੀਤਾ ਜਾਵੇਗਾ।”

