Jathedar Gargaj’s initiative to prevent the incorrect dissemination of Gurbani via AI is welcome: Paramjit Sarna
AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ: ਪਰਮਜੀਤ ਸਰਨਾ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰਬਾਣੀ ਦੇ ਸਬੰਧ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਜ਼ਰੀਏ ਗੁਰਬਾਣੀ ਦੇ ਗਲਤ ਅਰਥਾਂ, ਫਰਜ਼ੀ ਹਵਾਲਿਆਂ ਅਤੇ ਭੁਲੇਖਾ-ਪਾਊ ਜਾਣਕਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਪਹਿਲ ਕਰਨ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਪ੍ਰਮੁੱਖ ਗਲੋਬਲ ਏ. ਆਈ. ਕੰਪਨੀਆਂ ਤੋਂ ਸਹਿਯੋਗ ਲੈਣ ਦੀ ਯੋਜਨਾ ਦਾ ਵੀ ਸਵਾਗਤ ਕੀਤਾ। ਸਰਨਾ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਇਲਜ਼ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਐਲਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਏ. ਆਈ. ਚੈਟਬੌਟਸ ਜ਼ਰੀਏ ਲੋਕ ਗੁਰਬਾਣੀ, ਉਸ ਦੇ ਅਨੁਵਾਦ, ਅਰਥ ਅਤੇ ਇਤਿਹਾਸਕ ਹਵਾਲਿਆਂ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ ਪਰ ਕਈ ਵਾਰ ਇਹ ਪਲੇਟਫਾਰਮ ਗੁਰਬਾਣੀ ਦੀਆਂ ਗਲਤ ਪੰਕਤੀਆਂ, ਫਰਜ਼ੀ ਹਵਾਲੇ ਅਤੇ ਵਿਗੜੀਆਂ ਵਿਆਖਿਆਵਾਂ ਪੇਸ਼ ਕਰਦੇ ਹਨ, ਜੋ ਸਿੱਖ ਸੰਗਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਗੰਭੀਰ ਵਿਸ਼ੇ ’ਤੇ ਪੂਰੇ ਸਿੱਖ ਪੰਥ ਨੂੰ ਤੁਰੰਤ ਅਤੇ ਸਾਂਝੇ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਸਾਂਝੀ ਪੰਥਕ ਅਗਵਾਈ, ਵਿਦਵਾਨਾਂ ਦੇ ਮਾਰਗਦਰਸ਼ਨ ਅਤੇ ਤਕਨੀਕੀ ਮੁਹਾਰਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਪੂਰੇ ਸਿੱਖ ਪੰਥ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਪੈਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਵਿਦਵਾਨਾਂ, ਤਕਨੀਕੀ ਮਾਹਿਰਾਂ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਬਾਣੀ ਦਾ ਪ੍ਰਮਾਣਿਤ ਡਿਜੀਟਲ ਸੰਗ੍ਰਹਿ ਤਿਆਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਏ. ਆਈ. ਪਲੇਟਫਾਰਮ ਪ੍ਰਮਾਣਿਕ ਸਰੋਤਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰ ਸਕਣ।

