Rs 6,000 crore online betting case: Mahadev app co-founder Ravi Uppal arrested in Dubai
6000 ਕਰੋੜ Online ਸੱਟਾ ਮਾਮਲਾ: ਮਹਾਦੇਵ ਐਪ ਦਾ ਸਹਿ-ਸੰਸਥਾਪਕ ਰਵੀ ਉੱਪਲ ਦੁਬਈ ’ਚ ਗ੍ਰਿਫਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮਹਾਦੇਵ ਸੱਟੇਬਾਜ਼ੀ ਐਪ ਦੇ ਸਹਿ-ਸੰਸਥਾਪਕ ਰਵੀ ਉੱਪਲ ਨੂੰ ਦੁਬਈ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸੌਰਭ ਚੰਦ੍ਰਾਕਰ ਦੀ ਹਵਾਲਗੀ ਦੇ ਕੁਝ ਦਿਨਾਂ ਬਾਅਦ ਹੋਈ ਇਸ ਕਾਰਵਾਈ ਦੀ ਜਾਣਕਾਰੀ ਭਾਰਤੀ ਏਜੰਸੀਆਂ ਨੂੰ ਅਣ-ਅਧਿਕਾਰਤ ਸਰੋਤਾਂ ਤੋਂ ਮਿਲੀ ਹੈ। ਉੱਧਰ ਛੱਤੀਸਗੜ੍ਹ ਦੇ ਰਾਇਪੁਰ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ 6000 ਕਰੋੜ ਰੁਪਏ ਦੇ ‘ਮਹਾਦੇਵ ਆਨਲਾਈਨ ਸੱਟਾ ਐਪ’ ਮਾਮਲੇ ਦੇ ਮੁੱਖ ਮੁਲਜ਼ਮ ਸੌਰਭ ਚੰਦ੍ਰਾਕਰ ਨੂੰ 8 ਦਿਨਾਂ ਲਈ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਹਿਰਾਸਤ ’ਚ ਭੇਜ ਦਿੱਤਾ। ਇਸ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਚੰਦ੍ਰਾਕਰ ਨੂੰ ਹਾਲ ਹੀ ’ਚ ਓਮਾਨ ਤੋਂ ਭਾਰਤ ਲਿਆਂਦਾ ਗਿਆ ਸੀ। ਸੋਮਵਾਰ ਨੂੰ ਉਸ ਨੂੰ 2 ਦਿਨਾਂ ਲਈ ਸੀ. ਬੀ. ਆਈ. ਦੀ ਟ੍ਰਾਂਜ਼ਿਟ ਰਿਮਾਂਡ ’ਤੇ ਭੇਜਿਆ ਗਿਆ ਸੀ, ਕਿਉਂਕਿ ਜਾਂਚ ਏਜੰਸੀ ਉਸ ਨੂੰ ਛੱਤੀਸਗੜ੍ਹ ਲਿਆ ਕੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦੀ ਸੀ। ਮੰਗਲਵਾਰ ਸ਼ਾਮ ਨੂੰ ਉਸ ਨੂੰ ਜਹਾਜ਼ ਰਾਹੀਂ ਰਾਏਪੁਰ ਲਿਆਂਦਾ ਗਿਆ। ਇਸ ਮਾਮਲੇ ਦੇ ਸਬੰਧ ਵਿਚ ਬਚਾਅ ਪੱਖ ਦੇ ਵਕੀਲ ਤੁਸ਼ਾਰ ਗਿਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਚੰਦ੍ਰਾਕਰ ਨੂੰ ਰਾਏਪੁਰ ’ਚ ਵਿਸ਼ੇਸ਼ ਜੱਜ (ਸੀ. ਬੀ. ਆਈ.) ਮਨੋਜ ਕੁਮਾਰ ਸਿੰਘ ਠਾਕੁਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਸੀ. ਬੀ. ਆਈ. ਨੇ ਉਸ ਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਮੁਲਜ਼ਮ ਨੂੰ 8 ਦਿਨਾਂ ਲਈ ਹੀ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ ’ਚ ਸੌਂਪਿਆ। ਅਦਾਲਤ ਨੇ ਸੀ. ਬੀ. ਆਈ. ਨੂੰ ਪੁੱਛਗਿੱਛ ਲਈ ਚੰਦ੍ਰਾਕਰ ਨੂੰ ਦਿੱਲੀ ਲੈ ਕੇ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਹੈ।

