The Supreme Court stated that the 24-hour time limit for an arrest will begin from the moment of being taken into custody
ਸੁਪਰੀਮ ਕੋਰਟ ਨੇ ਕਿਹਾ-ਹਿਰਾਸਤ ’ਚ ਲੈਣ ਦੇ ਸਮੇਂ ਤੋਂ ਸ਼ੁਰੂ ਹੋਵੇਗੀ 24 ਘੰਟਿਆਂ ਦੀ ਗ੍ਰਿਫਤਾਰੀ ਦੀ ਸਮਾਂ-ਹੱਦ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕਿਸੇ ਗ੍ਰਿਫਤਾਰ ਵਿਅਕਤੀ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦੀ 24 ਘੰਟਿਆਂ ਦੀ ਸੰਵਿਧਾਨਕ ਸਮਾਂ-ਹੱਦ ਉਸ ਨੂੰ ਹਿਰਾਸਤ ’ਚ ਲਏ ਜਾਣ ਦੇ ਪਲ ਤੋਂ ਸ਼ੁਰੂ ਹੁੰਦੀ ਹੈ, ਨਾ ਕਿ ਪੁਲਸ ਵੱਲੋਂ ਰਸਮੀ ਤੌਰ ’ਤੇ ਗ੍ਰਿਫਤਾਰ ਕੀਤੇ ਜਾਣ ਦੇ ਸਮੇਂ ਤੋਂ। ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਅਤੁਲ ਐੱਸ. ਚੰਦੁਰਕਰ ਦੀ ਬੈਂਚ ਨੇ ਕਿਹਾ ਕਿ ਸੰਵਿਧਾਨ ਦੇ ਆਰਟੀਕਲ 22 (2) ਦੇ ਮਕਸਦ ਲਈ ‘ਗ੍ਰਿਫਤਾਰੀ’ ਅਤੇ ‘ਹਿਰਾਸਤ’ ਵਿਚਾਲੇ ਫਰਕ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੇ ਸਬੰਧ ਵਿਚ ਬੈਂਚ ਨੇ ਕਿਹਾ ਕਿ ਅਜਿਹੀ ਕੋਈ ਵੀ ਵਿਆਖਿਆ ਸੰਵਿਧਾਨਕ ਹੁਕਮ ਦੇ ਉਲਟ ਹੋਵੇਗੀ, ਜਿਸ ਤਹਿਤ ਪੁਲਸ ਨੂੰ ਰਸਮੀ ਗ੍ਰਿਫਤਾਰੀ ਤੋਂ ਪਹਿਲਾਂ ਹਿਰਾਸਤ ’ਚ ਬਿਤਾਏ ਸਮੇਂ ਨੂੰ 24 ਘੰਟਿਆਂ ਦੀ ਸਮਾਂ-ਹੱਦ ’ਚੋਂ ਬਾਹਰ ਰੱਖਣ ਦੀ ਇਜਾਜ਼ਤ ਮਿਲੇ। ਬੈਂਚ ਨੇ ਕਿਹਾ, ‘‘ਇਹ ਵਿਚਾਰ ਕਿ 24 ਘੰਟਿਆਂ ਦੀ ਮਿਆਦ ਸਿਰਫ ਰਸਮੀ ਗ੍ਰਿਫਤਾਰੀ ਤੋਂ ਸ਼ੁਰੂ ਹੁੰਦੀ ਹੈ, ਸੰਵਿਧਾਨ ਦੇ ਆਰਟੀਕਲ 22 (2) ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 56 ਦੇ ਸੰਵਿਧਾਨਕ ਹੁਕਮ ਦੇ ਉਲਟ ਹੈ।’’ ਸੁਪਰੀਮ ਕੋਰਟ ਦਾ ਇਹ ਫੈਸਲਾ 4 ਮੁਲਜ਼ਮਾਂ ਦੀ ਅਪੀਲ ’ਤੇ ਆਇਆ, ਜਿਨ੍ਹਾਂ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ. ਡੀ. ਪੀ. ਐੱਸ.) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਇਕ ਮਾਮਲੇ ’ਚ ਤ੍ਰਿਪੁਰਾ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ’ਚ ਜਾਂਚ ਏਜੰਸੀ ਨੇ ਮੁਲਜ਼ਮਾਂ ਨੂੰ 29 ਸਤੰਬਰ, 2025 ਨੂੰ ਦੁਪਹਿਰ ਲੱਗਭਗ 2 ਵੱਜ ਕੇ 30 ਮਿੰਟ ’ਤੇ ਹਿਰਾਸਤ ’ਚ ਲਿਆ ਸੀ। ਇਸ ਦੌਰਾਨ ਏਜੰਸੀ ਨੇ ਕਥਿਤ ਤੌਰ ’ਤੇ ਉਨ੍ਹਾਂ ਕੋਲੋਂ 11.03 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ।

