Major robbery targeting a foreign model visiting Punjab; she has previously appeared in a Punjabi song
ਪੰਜਾਬ ਘੁੰਮਣ ਆਈ ਵਿਦੇਸ਼ੀ ਮਾਡਲ ਨਾਲ ਵੱਡੀ ਲੁੱਟ, ਪੰਜਾਬੀ ਗੀਤ ‘ਚ ਕਰ ਚੁੱਕੀ ਹੈ ਮਾਡਲਿੰਗ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ‘ਚ ਵਾਹਘਾ ਬਾਰਡਰ ਘੁੰਮ ਕੇ ਵਾਪਸ ਪਰਤ ਰਹੀ ਲੰਡਨ ਦੀ ਰਹਿਣ ਵਾਲੀ ਵਿਦੇਸ਼ੀ ਮਾਡਲ ਲਾਲੀ ਤੋਂ ਬਾਈਕ ਸਵਾਰ ਲੁਟੇਰੇ ਵੱਲੋਂ ਡੇਢ ਲੱਖ ਰੁਪਏ ਦਾ ਆਈਫੋਨ (17 ਪ੍ਰੋ ਮੈਕਸ) ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਲੀ ਪੰਜਾਬੀ ਗਾਣੇ ‘ਸੋਹਣੀ ਨਹੀਂ’ ਵਿੱਚ ਮਾਡਲਿੰਗ ਵੀ ਕਰ ਚੁੱਕੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਲਾਲੀ ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ ਲਗਭਗ 7 ਵਜੇ ਉਹ ਹੋਰ ਸੈਲਾਨੀਆਂ ਨਾਲ ਵਾਹਘਾ ਬਾਰਡਰ ਵੇਖ ਕੇ ਆਟੋ ਵਿੱਚ ਵਾਪਸ ਆ ਰਹੀ ਸੀ। ਉਹ ਆਟੋ ਦੀ ਅਗਲੀ ਸੀਟ ‘ਤੇ ਬੈਠੀ ਹੋਈ ਸੀ ਅਤੇ ਉਸ ਦਾ ਆਈਫੋਨ ਉਸ ਦੀ ਗੋਦ ਵਿੱਚ ਰੱਖਿਆ ਹੋਇਆ ਸੀ। ਇਸ ਦੌਰਾਨ ਉਸ ਕੋਲ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ‘ਤੇ ਆਏ ਇੱਕ ਅਣਪਛਾਤੇ ਵਿਅਕਤੀ ਨੇ ਝਪਟਾ ਮਾਰ ਕੇ ਉਸ ਦਾ ਫੋਨ ਖੋਹ ਲਿਆ। ਫੋਨ ਦੇ ਕਵਰ ਵਿੱਚ ਇੱਕ ਮੋਰ ਦਾ ਖੰਭ ਵੀ ਰੱਖਿਆ ਹੋਇਆ ਸੀ, ਜੋ ਉਸ ਨੂੰ ਭਾਰਤ ਵਿੱਚ ਹੀ ਇੱਕ ਅਣਪਛਾਤੇ ਵਿਅਕਤੀ ਨੇ ਤੋਹਫ਼ੇ ਵਜੋਂ ਦਿੱਤਾ ਸੀ। ਲਾਲੀ ਨੇ ਦੱਸਿਆ ਕਿ ਇਹ ਉਸ ਦੀ ਭਾਰਤ ਦੀ 9ਵੀਂ ਯਾਤਰਾ ਸੀ। ਫੋਨ ਚੋਰੀ ਹੋਣ ਦੇ ਬਾਵਜੂਦ ਭਾਰਤ, ਪੰਜਾਬ ਅਤੇ ਅੰਮ੍ਰਿਤਸਰ ਪ੍ਰਤੀ ਉਸ ਦਾ ਪਿਆਰ ਘੱਟ ਨਹੀਂ ਹੋਇਆ ਹੈ ਕਿਉਂਕਿ ਇੱਥੋਂ ਦੇ ਲੋਕ ਪਰਿਵਾਰ ਵਾਂਗ ਮਦਦ ਲਈ ਅੱਗੇ ਆਉਂਦੇ ਹਨ। ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਅੰਮ੍ਰਿਤਸਰ ਆਉਣ ਵਾਲੇ ਹੋਰ ਸੈਲਾਨੀਆਂ ਨੂੰ ਆਪਣੇ ਕੀਮਤੀ ਸਾਮਾਨ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਮੁਸ਼ਕਿਲ ਦੀ ਇਸ ਘੜੀ ‘ਚ ਅੰਮ੍ਰਿਤਸਰ ਦੇ ਸਥਾਨਕ ਲੋਕਾਂ ਨੇ ਮਾਡਲ ਦੀ ਕਾਫ਼ੀ ਮਦਦ ਕੀਤੀ। ਆਟੋ ਚਾਲਕ ਵਿੱਕੀ ਨੇ ਉਸ ਨੂੰ ਵਰਤਣ ਲਈ ਆਪਣਾ ਵਾਧੂ ਫੋਨ ਦਿੱਤਾ ਅਤੇ ਹੋਟਲ ਮਾਲਕ ਵਿਕਾਸ ਨੇ ਉਸ ਦੇ ਮਾਤਾ-ਪਿਤਾ ਨਾਲ ਅੰਤਰਰਾਸ਼ਟਰੀ ਕਾਲ ‘ਤੇ ਗੱਲ ਕਰਵਾਈ। ਇਸ ਤੋਂ ਇਲਾਵਾ ਉਸ ਦੇ ਦੋਸਤ ਨਦੀਮ ਨੇ ਨਵਾਂ ਫੋਨ ਖਰੀਦਣ ਲਈ ਪੈਸੇ ਦਿੱਤੇ ਅਤੇ ਪੁਣੇ ਜਾਣ ਲਈ ਫਲਾਈਟ ਦੀ ਟਿਕਟ ਵੀ ਬੁੱਕ ਕਰਵਾਈ।

