Guidelines issued for the Diwali festival; an appeal made to the public—read the PGI advisory
ਦੀਵਾਲੀ ਦੇ ਤਿਉਹਾਰ ਲਈ ਹਦਾਇਤਾਂ ਜਾਰੀ, ਲੋਕਾਂ ਨੂੰ ਕੀਤੀ ਗਈ ਅਪੀਲ, ਪੜ੍ਹੋ PGI ਦੀ ADVISORY
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਦੀਵੇ ਅਤੇ ਮੋਮਬੱਤੀਆਂ ਜਗਾਉਣ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਲਾਪਰਵਾਹੀ ਵੀ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਦੇ ਮੱਦੇਨਜ਼ਰ ਪੀ. ਜੀ. ਆਈ. ਚੰਡੀਗੜ੍ਹ ਦੇ ਪਲਾਸਟਿਕ ਸਰਜਰੀ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਦੇ ਮੁਖੀ ਡਾ. ਅਤੁਲ ਪਰਾਸ਼ਰ ਨੇ ਕਿਹਾ ਕਿ ਪਟਾਕੇ ਚਲਾਉਂਦੇ ਸਮੇਂ ਸਿੰਥੈਟਿਕ ਕੱਪੜੇ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੈਰਾਂ ਦੀ ਸੁਰੱਖਿਆ ਲਈ ਜੁੱਤੇ ਪਾਉਣ ਅਤੇ ਪਟਾਕਿਆਂ ਤੋਂ ਉੱਚਿਤ ਦੂਰੀ ਬਣਾਈ ਰੱਖਣੀ ਵੀ ਜ਼ਰੂਰੀ ਹੈ। ਜੇਕਰ ਕੋਈ ਪਟਾਕਾ ਚਲਾਉਣ ਤੋਂ ਬਾਅਦ ਨਹੀਂ ਫਟਦਾ ਤਾਂ ਉਸ ਨੂੰ ਮੁੜ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਅਚਾਨਕ ਫਟ ਸਕਦਾ ਹੈ। ਵਰਤੇ ਹੋਏ ਪਟਾਕਿਆਂ ਦੇ ਅਵਸ਼ੇਸ਼ ਰੇਤ ਜਾਂ ਪਾਣੀ ਵਾਲੀ ਬਾਲਟੀ ਵਿਚ ਪਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਟਾਕਿਆਂ ਕਾਰਨ ਹੱਥ ਝੁਲਸਣ ਅਤੇ ਹੋਰ ਸੱਟਾਂ ਦੇ ਇਲਾਜ ਲਈ 8 ਤੋਂ 10 ਮਰੀਜ਼ ਪੀ. ਜੀ. ਆਈ. ਪਹੁੰਚੇ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਬਾਲਗ ਸਨ। ਇਸ ਤੋਂ ਇਲਾਵਾ ਅੱਖਾਂ ਨੂੰ ਨੁਕਸਾਨ ਪਹੁੰਚਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਡਾ. ਪਰਾਸ਼ਰ ਨੇ ਕਿਹਾ ਕਿ ਸਰੀਰ ਦਾ ਕੋਈ ਹਿੱਸਾ ਸੜਨ ’ਤੇ ਪ੍ਰਭਾਵਿਤ ਥਾਂ ਨੂੰ ਤੁਰੰਤ ਸਾਫ਼ ਅਤੇ ਠੰਡੇ ਵਗਦੇ ਪਾਣੀ ਹੇਠ ਲਗਭਗ 20 ਮਿੰਟ ਤੱਕ ਰੱਖਣਾ ਚਾਹੀਦਾ ਹੈ। ਸੜੀ ਹੋਈ ਥਾਂ ’ਤੇ ਟੂਥਪੇਸਟ, ਨੀਲੀ ਸਿਆਹੀ ਜਾਂ ਹੋਰ ਘਰੇਲੂ ਪਦਾਰਥ ਲਾਉਣ ਤੋਂ ਬਚੋ। ਹੱਥਾਂ ਵਿਚ ਪਾਈਆਂ ਅੰਗੂਠੀਆਂ, ਚੂੜੀਆਂ ਅਤੇ ਹੋਰ ਤੰਗ ਗਹਿਣੇ ਸੋਜ ਆਉਣ ਤੋਂ ਪਹਿਲਾਂ ਉਤਾਰ ਦੇਣੇ ਚਾਹੀਦੇ ਹਨ। ਕੱਪੜਿਆਂ ਨੂੰ ਅੱਗ ਲੱਗਣ ’ਤੇ ਭੱਜਣ ਦੀ ਬਜਾਏ ਜ਼ਮੀਨ ’ਤੇ ਲੇਟ ਕੇ ਲੁੜਕਣਾ ਚਾਹੀਦਾ ਹੈ। ਉਨ੍ਹਾਂ ਘਰਾਂ ਵਿਚ ਦੀਵੇ ਅਤੇ ਮੋਮਬੱਤੀਆਂ ਜਗਾਉਂਦੇ ਸਮੇਂ ਪਾਣੀ ਦੀ ਬਾਲਟੀ ਜਾਂ ਅੱਗ ਬੁਝਾਉਣ ਵਾਲਾ ਯੰਤਰ ਨੇੜੇ ਰੱਖਣ ਦੀ ਵੀ ਸਲਾਹ ਦਿੱਤੀ। ਪਟਾਕੇ ਕਾਰਨ ਅੱਖ ਵਿਚ ਸੱਟ ਲੱਗਣ ’ਤੇ ਉਸ ਨੂੰ ਰਗੜਨ ਜਾਂ ਦਬਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਤੁਰੰਤ ਅੱਖਾਂ ਦੇ ਮਾਹਿਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਪੀਜੀਆਈਐੱਮਈਆਰ ਵੱਲੋਂ ਤਿਉਹਾਰ ਦੌਰਾਨ ਝੁਲਸਣ ਅਤੇ ਪਟਾਕਿਆਂ ਕਾਰਨ ਜ਼ਖ਼ਮੀ ਹੋਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸੇ ਦੌਰਾਨ ਚਮੜੀ ਰੋਗ ਮਾਹਿਰ ਅਤੇ ਐਸਥੈਟਿਕ ਸਪੈਸ਼ਲਿਸਟ ਡਾ. ਆਸਥਾ ਸ਼ਰਮਾ ਨੇ ਤਿਉਹਾਰਾਂ ਦੌਰਾਨ ਚਮੜੀ ਦੀ ਸੰਭਾਲ ਲਈ ਨਿਯਮਤ ਸਕਿਨਕੇਅਰ ਰੁਟੀਨ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਰਾਤ ਨੂੰ ਡਬਲ ਕਲੀਨਜ਼ਿੰਗ ਰਾਹੀਂ ਚਿਹਰੇ ਤੋਂ ਮੇਕਅੱਪ, ਸਨਸਕ੍ਰੀਨ ਅਤੇ ਪ੍ਰਦੂਸ਼ਣ ਦੇ ਕਣਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਇਸ ਲਈ ਪਹਿਲਾਂ ਕਲੀਨਜ਼ਿੰਗ ਆਇਲ ਜਾਂ ਮੇਕਅੱਪ ਰਿਮੂਵਰ ਅਤੇ ਫਿਰ ਹਲਕੇ ਫੇਸਵਾਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਮੜੀ ਦੀ ਨਮੀ ਬਰਕਰਾਰ ਰੱਖਣ ਲਈ ਲੋੜੀਂਦਾ ਪਾਣੀ ਪੀਣ ਦੇ ਨਾਲ ਹਾਇਲੂਰੋਨਿਕ ਐਸਿਡ, ਗਲਿਸਰੀਨ ਅਤੇ ਸਿਰਾਮਾਈਡਜ਼ ਵਾਲੇ ਮਾਇਸਚਰਾਈਜ਼ਰ ਵਰਤਣੇ ਲਾਹੇਵੰਦ ਹਨ। ਰੋਜ਼ਾਨਾ ਐੱਸ.ਪੀ.ਐੱਫ. 30 ਜਾਂ ਇਸ ਤੋਂ ਵੱਧ ਸਮਰੱਥਾ ਵਾਲੀ ਬ੍ਰੌਡ-ਸਪੈਕਟ੍ਰਮ ਸਨਸਕ੍ਰੀਨ ਲਾਉਣੀ ਚਾਹੀਦੀ ਹੈ। ਉਨ੍ਹਾਂ ਬਹੁਤ ਜ਼ਿਆਦਾ ਐਕਸਫੋਲੀਏਸ਼ਨ ਕਰਨ, ਇਕੱਠੇ ਕਈ ਨਵੇਂ ਉਤਪਾਦ ਵਰਤਣ ਅਤੇ ਮੇਕਅੱਪ ਲਾ ਕੇ ਸੌਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਮੇਕਅੱਪ ਉਤਪਾਦ ਸਾਂਝੇ ਕਰਨ ਅਤੇ ਮਿਆਦ ਪੁੱਗ ਚੁੱਕੇ ਕਾਸਮੈਟਿਕਸ ਦੀ ਵਰਤੋਂ ਕਰਨ ਤੋਂ ਵੀ ਬਚਣਾ ਚਾਹੀਦਾ ਹੈ।

