Human cells are now functioning even within the brains of mice; American scientists have conducted a unique experiment
ਹੁਣ ਚੂਹਿਆਂ ਦੇ ਦਿਮਾਗ ’ਚ ਵੀ ਕੰਮ ਕਰ ਰਹੇ ਹਨ ਮਨੁੱਖੀ ਸੈੱਲ, ਅਮਰੀਕੀ ਵਿਗਿਆਨੀਆਂ ਨੇ ਕੀਤਾ ਅਨੋਖਾ ਪ੍ਰਯੋਗ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ’ਚ ਵਿਗਿਆਨੀਆਂ ਨੇ ਇਕ ਅਜਿਹਾ ਅਨੋਖਾ ਪ੍ਰਯੋਗ ਕੀਤਾ ਹੈ, ਜਿਸ ’ਚ ਚੂਹਿਆਂ ਦੇ ਦਿਮਾਗ ’ਚ ਲੱਖਾਂ ਮਨੁੱਖੀ ਨਿਊਰਾਨ ਸੈੱਲ ਵਿਕਸਿਤ ਕੀਤੇ ਗਏ ਹਨ। ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜੈਨੇਟਿਕ ਤੌਰ ’ਤੇ ਸੋਧੇ ਹੋਏ ਚੂਹਿਆਂ ਦੇ ਦਿਮਾਗ ’ਚ ਪ੍ਰਯੋਗਸ਼ਾਲਾ ਵਿਚ ਤਿਆਰ ਮਨੁੱਖੀ ਸੈੱਲ ਦੇ ਛੋਟੇ ਸਮੂਹ ਟਰਾਂਸਪਲਾਂਟ ਕੀਤੇ। ਪ੍ਰਯੋਗ ਤੋਂ ਬਾਅਦ ਇਨ੍ਹਾਂ ਚੂਹਿਆਂ ਨੇ ‘ਮੇਜ਼ ਟੈਸਟਾਂ’ ’ਚ ਬਿਹਤਰ ਪ੍ਰਦਰਸ਼ਨ ਕੀਤਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਤਕਨੀਕ ਭਵਿੱਖ ’ਚ ਸਿਜ਼ੋਫ੍ਰੇਨੀਆ, ਸੇਰੇਬ੍ਰਲ ਪਾਲਸੀ ਅਤੇ ਡਿਮੈਂਸ਼ੀਆ ਵਰਗੀਆਂ ਦਿਮਾਗੀ ਬੀਮਾਰੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਇਲਾਜ ਦੀ ਦਿਸ਼ਾ ਵਿਚ ਨਵੀਂਆਂ ਸੰਭਾਵਨਾਵਾਂ ਖੋਲ੍ਹ ਸਕਦੀ ਹੈ। ਖੋਜ ਦੇ ਨਤੀਜੇ ਵੱਕਾਰੀ ਜਰਨਲ ਨੇਚਰ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ਖੋਜਕਾਰਾਂ ਨੇ ਚੂਹਿਆਂ ਦੇ ਜੀਨ ’ਚ ਬਦਲਾਅ ਕਰ ਕੇ ਉਨ੍ਹਾਂ ਦੇ ਦਿਮਾਗ ਦੇ ਬਾਹਰੀ ਹਿੱਸੇ ਸੇਰੇਬ੍ਰਲ ਕਾਰਟੈਕਸ ਅਤੇ ਉਸ ਨਾਲ ਜੁੜੇ ਹਿੱਪੋਕੈਂਪਸ ਦਾ ਜ਼ਿਆਦਾਤਰ ਹਿੱਸਾ ਵਿਕਸਿਤ ਹੋਣ ਤੋਂ ਰੋਕ ਦਿੱਤਾ। ਇਹ ਹਿੱਸੇ ਸੋਚਣ, ਫ਼ੈਸਲਾ ਲੈਣ, ਸਿੱਖਣ, ਯਾਦਦਾਸ਼ਤ ਅਤੇ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਬਾਅਦ ਜਨਮ ਦੇ ਦੂਜੇ ਦਿਨ ਚੂਹਿਆਂ ਦੇ ਦਿਮਾਗ ’ਚ ਮਨੱੁਖੀ ਸਟੈੱਮ ਸੈੱਲਾਂ ਤੋਂ ਪ੍ਰਯੋਗਸ਼ਾਲਾ ਵਿਚ ਤਿਆਰ ਆਰਗੇਨਾਇਡਜ਼ ਟਰਾਂਸਪਲਾਂਟ ਕੀਤੇ ਗਏ। ਹਰੇਕ ਆਰਗੇਨਾਇਡ ਵਿਚ ਲੱਗਭਗ ਇਕ ਲੱਖ ਮਨੁੱਖੀ ਸੈੱਲ ਸਨ। ਇਸ ਤਰ੍ਹਾਂ ਲੱਗਭਗ 1.4 ਕਰੋੜ ਮਾਊਸ ਨਿਊਰਾਨ ਦੀ ਜਗ੍ਹਾ ’ਤੇ ਲੱਗਭਗ 40 ਲੱਖ ਮਨੁੱਖੀ ਨਿਊਰਾਨ ਵਿਕਸਿਤ ਕੀਤੇ ਗਏ। 29 ਚੂਹਿਆਂ ’ਤੇ ਕੀਤੇ ਗਏ ਪ੍ਰਯੋਗ ਵਿਚ 25 ’ਚ ਇਹ ਪ੍ਰਕਿਰਿਆ ਸਫਲ ਰਹੀ। ਟਰਾਂਸਪਲਾਂਟ ਦੇ ਤਿੰਨ ਮਹੀਨਿਆਂ ਦੇ ਅੰਦਰ ਮਨੁੱਖੀ ਟਿਸ਼ੂ ਦਾ ਆਕਾਰ ਲੱਗਭਗ ਪੰਜ ਗੁਣਾ ਵਧ ਗਿਆ। ਇਹ ਚੂਹਿਆਂ ਦੀ ਖੂਨ ਸਪਲਾਈ ਨਾਲ ਜੁੜ ਗਿਆ ਅਤੇ ਦਿਮਾਗ ਵਿਚ ਖ਼ਾਲੀ ਛੱਡੀ ਗਈ ਜਗ੍ਹਾ ਦਾ 90 ਫੀਸਦੀ ਤੋਂ ਵੱਧ ਹਿੱਸਾ ਭਰ ਗਿਆ। ਇਸ ਦੇ ਬਾਵਜੂਦ ਚੂਹਿਆਂ ਦਾ ਚੱਲਣਾ ਅਤੇ ਆਵਾਜ਼ ਕੱਢਣਾ ਆਮ ਵਾਂਗ ਰਿਹਾ। ‘ਮੇਜ਼ ਟੈਸਟਾਂ’ ਵਿਚ ਬਿਨਾਂ ਮਨੁੱਖੀ ਸੈੱਲਾਂ ਵਾਲੇ ਚੂਹੇ ਰਸਤਾ ਭਟਕਦੇ ਰਹੇ, ਜਦਕਿ ਮਨੁੱਖੀ ਸੈੱਲਾਂ ਵਾਲੇ ਚੂਹਿਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ। ਇਸ ਤੋਂ ਸੰਕੇਤ ਮਿਲਿਆ ਕਿ ਟਰਾਂਸਪਲਾਂਟ ਸੈੱਲਾਂ ਨੇ ਉਨ੍ਹਾਂ ਦੀ ਸਮਝਣ-ਸੋਚਣ ਦੀ ਸਮਰੱਥਾ ਵਿਚ ਯੋਗਦਾਨ ਪਾਇਆ। ਕੁਝ ਟਿਸ਼ੂਆਂ ਵਿਚ ਵਿਸ਼ੇਸ਼ ਪ੍ਰਕਾਰ ਦੇ ‘ਵਾਨ ਇਕੋਨੋਮੋ ਨਿਊਰਾਨ’ ਵੀ ਵਿਕਸਿਤ ਹੋਏ, ਜੋ ਆਮ ਤੌਰ ’ਤੇ ਮਨੁੱਖਾਂ, ਬਾਂਦਰਾਂ, ਹਾਥੀਆਂ ਅਤੇ ਵ੍ਹੇਲ ਵਰਗੇ ਸਮਾਜਿਕ ਜੀਵਾਂ ’ਚ ਪਾਏ ਜਾਂਦੇ ਹਨ। ਇਸ ਪ੍ਰਯੋਗ ਨਾਲ ਸੇਰੇਬ੍ਰਲ ਪਾਲਸੀ ’ਤੇ ਖੋਜ ਦਾ ਰਸਤਾ ਵੀ ਖੁੱਲ੍ਹ ਸਕਦਾ ਹੈ। ਸੋਧੇ ਚੂਹਿਆਂ ਨੂੰ ਘੱਟ ਆਕਸੀਜਨ ਵਾਲੇ ਵਾਤਾਵਰਨ ’ਚ ਰੱਖਣ ’ਤੇ ਉਨ੍ਹਾਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਦੀ ਚਾਲ ਬਦਲ ਗਈ ਅਤੇ ਅੰਗਾਂ ਵਿਚਕਾਰ ਤਾਲਮੇਲ ਕਮਜ਼ੋਰ ਹੋ ਗਿਆ। ਇਸ ਨਾਲ ਵਿਗਿਆਨੀਆਂ ਨੂੰ ਇਹ ਸਮਝਣ ਵਿਚ ਮਦਦ ਮਿਲ ਸਕਦੀ ਹੈ ਕਿ ਆਕਸੀਜਨ ਦੀ ਕਮੀ ਕਿਸ ਤਰ੍ਹਾਂ ਦਿਮਾਗ ਦੇ ਵਿਕਾਸ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਪ੍ਰਯੋਗ ਚੂਹਿਆਂ ਨੂੰ ਮਨੁੱਖਾਂ ਵਾਂਗ ਸੋਚਣ ਵਾਲਾ ਨਹੀਂ ਬਣਾਉਂਦਾ ਅਤੇ ਨਾ ਹੀ ਇਹ ਬ੍ਰੇਨ ਟਰਾਂਸਪਲਾਂਟ ਹੈ। ਹਾਲਾਂਕਿ, ਮਨੁੱਖੀ ਸੈੱਲਾਂ ਨੂੰ ਜਾਨਵਰਾਂ ਦੇ ਦਿਮਾਗ ਵਿਚ ਵਿਕਸਿਤ ਕਰਨ ਨਾਲ ਚੇਤਨਾ ਅਤੇ ਸੰਵੇਦਨਾਵਾਂ ਨਾਲ ਜੁੜੇ ਨੈਤਿਕ ਸਵਾਲ ਖੜ੍ਹੇ ਹੋ ਰਹੇ ਹਨ। ਵਿਗਿਆਨੀਆਂ ਨੇ ਪ੍ਰਯੋਗ ਛੇ ਮਹੀਨਿਆਂ ਵਿਚ ਰੋਕ ਦਿੱਤਾ, ਤਾਂ ਜੋ ਮਨੁੱਖੀ ਨਿਊਰਾਨ ਅਤੇ ਚੂਹੇ ਦੇ ਦਿਮਾਗ ਵਿਚਕਾਰ ਜ਼ਿਆਦਾ ਸੰਪਰਕ ਵਿਕਸਿਤ ਨਾ ਹੋ ਸਕਣ। ਕੈਲੀਫੋਰਨੀਆ ਯੂਨੀਵਰਸਿਟੀ ਦੇ ਸਮਾਜ-ਸ਼ਾਸਤਰ ਦੇ ਪ੍ਰੋਫੈਸਰ ਜੌਨ ਇਵਾਨਸ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿਚ ਅਜਿਹੇ ਪ੍ਰਯੋਗ ਜ਼ਿਆਦਾ ਗੰਭੀਰ ਨੈਤਿਕ ਵਿਵਾਦ ਪੈਦਾ ਕਰ ਸਕਦੇ ਹਨ। ਉਨ੍ਹਾਂ ਨੇ ਫ਼ਿਲਹਾਲ ਇਸ ਤਰ੍ਹਾਂ ਦੀ ਖੋਜ ਨੂੰ ਚੂਹਿਆਂ ਵਰਗੇ ਕੁਤਰਨ ਵਾਲੇ ਜੀਵਾਂ ਤੱਕ ਹੀ ਸੀਮਤ ਰੱਖਣ ਦੀ ਸਲਾਹ ਦਿੱਤੀ ਹੈ।

