Threat received regarding bombs planted in banks in Surat and Vadodara; Gujarat Police sent into a scramble
ਸੂਰਤ ਤੇ ਵਡੋਦਰਾ ਦੇ ਬੈਂਕਾਂ ’ਚ ਬੰਬ ਰੱਖੇ ਜਾਣ ਦੀ ਮਿਲੀ ਧਮਕੀ, ਗੁਜਰਾਤ ਪੁਲਸ ਨੂੰ ਪਈਆਂ ਭਾਜੜਾਂ
ਅਹਿਮਦਾਬਾਦ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਦੇ ਸੂਰਤ ਅਤੇ ਵਡੋਦਰਾ ਵਿਚ ‘ਬੈਂਕ ਆਫ਼ ਇੰਡੀਆ’ ਅਤੇ ‘ਬੈਂਕ ਆਫ਼ ਬੜੌਦਾ’ ਦੀਆਂ 5 ਬਰਾਂਚਾਂ ਵਿਚ ਬੰਬ ਰੱਖੇ ਹੋਣ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ। ਬੰਬ ਦੀ ਧਮਕੀ ਵਾਲੀਆਂ ਇਨ੍ਹਾਂ ਈਮੇਲਾਂ ਦੇ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਇਸ ਮਾਮਲੇ ਦੇ ਸਬੰਧ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਰਤ ਦੇ ਉਮਰਾ ਅਤੇ ਅਠਵਾ ਇਲਾਕਿਆਂ ਵਿਚ ਬੈਂਕ ਆਫ਼ ਇੰਡੀਆ ਦੀਆਂ 2 ਬਰਾਂਚਾਂ ਅਤੇ ਵਡੋਦਰਾ ਦੇ ਕਰੇਲੀਬਾਗ ਖੇਤਰ ਸਥਿਤ ਬੈਂਕ ਆਫ਼ ਇੰਡੀਆ ਦੀ ਇਕ ਬਰਾਂਚ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵਡੋਦਰਾ ਦੇ ਸਿਆਜੀਗੰਜ ਅਤੇ ਸੂਰਤ ਦੇ ਉਮਰਾ ਸਥਿਤ ਬੈਂਕ ਆਫ਼ ਬੜੌਦਾ ਦੀਆਂ ਬਰਾਂਚਾਂ ਨੂੰ ਵੀ ਬੰਬ ਧਮਾਕੇ ਦੀਆਂ ਧਮਕੀਆਂ ਵਾਲੀਆਂ ਈ-ਮੇਲਾਂ ਮਿਲੀਆਂ ਸਨ, ਜਿਸ ਨਾਲ ਸਨਸਨੀ ਫੈਲ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਧਮਕੀ ਤੋਂ ਬਾਅਦ ਬੰਬ ਨੂੰ ਨਸ਼ਟ ਕਰਨ ਵਾਲੇ ਦਸਤਿਆਂ ਸਮੇਤ ਪੁਲਸ ਦੀਆਂ ਵੱਖ-ਵੱਖ ਟੀਮਾਂ ਸਾਰੀਆਂ ਥਾਵਾਂ ’ਤੇ ਪਹੁੰਚ ਗਈਆਂ ਹਨ। ਪੁਲਸ ਨੇ ਉਕਤ ਸਾਰੀਆਂ ਥਾਵਾਂ ਦੀ ਤਲਾਸ਼ੀ ਲਈ ਪਰ ਇਸ ਦੌਰਾਨ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਇਸ ਨਾਲ ਇਹ ਧਮਕੀ ਫਰਜ਼ੀ ਸਾਬਿਤ ਹੁੰਦੀ ਹੈ।

