Breach in President Trump’s security! Suspect crashes car near the White House and clashes with a Secret Service agent
ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ‘ਚ ਸੰਨ੍ਹ! ਵ੍ਹਾਈਟ ਹਾਊਸ ਨੇੜੇ ਕਾਰ ਟਕਰਾ ਕੇ ਸੀਕ੍ਰੇਟ ਸਰਵਿਸ ਏਜੰਟ ਨਾਲ ਭਿੜਿਆ ਸ਼ੱਕੀ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਭਵਨ (ਵ੍ਹਾਈਟ ਹਾਊਸ) ਦੇ ਬਾਹਰ ਉਸ ਸਮੇਂ ਭਾਜੜ ਮਚ ਗਈ, ਜਦੋਂ ਇੱਕ ਸ਼ੱਕੀ ਵਿਅਕਤੀ ਨੇ ਆਪਣੀ ਕਾਰ ਲਾਫਾਇਟ ਸਕੁਏਅਰ (Lafayette Square) ਵਿੱਚ ਇੱਕ ਸਾਈਨਪੋਸਟ ਨਾਲ ਟਕਰਾ ਦਿੱਤੀ। ਟੱਕਰ ਤੋਂ ਬਾਅਦ ਗੱਡੀ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਪ੍ਰਣਾਲੀ ਹਰਕਤ ਵਿੱਚ ਆ ਗਈ ਅਤੇ ਵ੍ਹਾਈਟ ਹਾਊਸ ਕੰਪਲੈਕਸ ਵਿੱਚ ਕੁਝ ਸਮੇਂ ਲਈ ਲਾਕਡਾਊਨ ਲਗਾ ਦਿੱਤਾ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਦੇ ਅੰਦਰ ਹੀ ਮੌਜੂਦ ਸਨ। ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 10 ਵਜੇ, ਅਮਰੀਕੀ ਸੀਕ੍ਰੇਟ ਸਰਵਿਸ ਨੇ ਵ੍ਹਾਈਟ ਹਾਊਸ ਪ੍ਰੈੱਸ ਕੌਰਪਸ ਦੇ ਪੱਤਰਕਾਰਾਂ ਨੂੰ ਵੀ ਅੰਦਰ ਹੀ ਰਹਿਣ ਦੇ ਨਿਰਦੇਸ਼ ਦਿੱਤੇ। ਮਿਲੀ ਜਾਣਕਾਰੀ ਅਨੁਸਾਰ, ਇੱਕ ਸਿਲਵਰ ਸੇਡਾਨ ਕਾਰ ਲਾਫਾਇਟ ਸਕੁਏਅਰ ਦੇ ਉੱਤਰੀ ਹਿੱਸੇ ਵੱਲੋਂ ਆਈ ਅਤੇ ਸਾਈਨਪੋਸਟ ਨਾਲ ਜਾ ਟਕਰਾਈ। ਕਾਰ ਵਿੱਚੋਂ ਬਾਹਰ ਆਉਂਦਿਆਂ ਹੀ ਸ਼ੱਕੀ ਵਿਅਕਤੀ ਨੇ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਅਤੇ ਨੈਸ਼ਨਲ ਗਾਰਡ ਦੇ ਜਵਾਨਾਂ ਨਾਲ ਹਾਥਾਪਾਈ ਕਰਨੀ ਸ਼ੁਰੂ ਕਰ ਦਿੱਤੀ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ। ਇਸ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਫੜੇ ਗਏ ਵਿਅਕਤੀ ਦੀ ਪਛਾਣ, ਹਾਦਸੇ ਦੇ ਕਾਰਨਾਂ ਅਤੇ ਇਸ ਦੇ ਪਿੱਛੇ ਦੇ ਸੰਭਾਵਿਤ ਮਕਸਦ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਮਰੀਕੀ ਸੁਰੱਖਿਆ ਏਜੰਸੀਆਂ ਦੋਸ਼ੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ।

