‘Fight the war for us, or else face 20 years in prison…!’ — Youth from Raipur arrested after going to Russia
‘ਸਾਡੇ ਵੱਲੋਂ ਜੰਗ ਲੜ, ਨਹੀਂ ਤਾਂ 20 ਸਾਲ ਕੱਟਣੀ ਪਏਗੀ ਜੇਲ੍ਹ..!’, ਰੂਸ ਗਿਆ ਰਾਏਪੁਰ ਦਾ ਨੌਜਵਾਨ ਹੋਇਆ ਗ੍ਰਿਫ਼ਤਾਰ
Mascow, (ਆਵਾਜ਼ਿ ਕੌਮ ਬਿਊਰੋ)-ਰੂਸ-ਯੂਕ੍ਰੇਨ ਦੀ ਜੰਗ, ਜੋ ਕਿ ਪਿਛਲੇ ਕਰੀਬ 5 ਸਾਲਾਂ ਤੋਂ ਚੱਲਦੀ ਆ ਰਹੀ ਹੈ, ‘ਚ ਹਜ਼ਾਰਾਂ ਲੋਕ ਜਾਨ ਗੁਆ ਚੁੱਕੇ ਹਨ। ਕੰਮ ਦੀ ਤਲਾਸ਼ ‘ਚ ਰੂਸ ਗਏ ਕਈ ਭਾਰਤੀ ਨੌਜਵਾਨਾਂ ਨੂੰ ਵੀ ਜ਼ਬਰਦਸਤੀ ਜੰਗ ਦੇ ਮੈਦਾਨ ‘ਚ ਧੱਕਿਆ ਜਾ ਰਿਹਾ ਹੈ। ਇਸੇ ਦੌਰਾਨ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 38 ਸਾਲਾ ਨੌਜਵਾਨ ਟਿਕੇਸ਼ਵਰ ਸਾਹੂ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਰੂਸ ‘ਚ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਝੂਠੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਰੂਸੀ ਫ਼ੌਜ ਵਿੱਚ ਸ਼ਾਮਲ ਹੋ ਕੇ ਜੰਗ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਟਿਕੇਸ਼ਵਰ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਮੁੱਖ ਮੰਤਰੀ ਦਫ਼ਤਰ ਅਤੇ ਗ੍ਰਹਿ ਵਿਭਾਗ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਿਕੇਸ਼ਵਰ ਸਾਹੂ 8 ਸਤੰਬਰ 2026 ਨੂੰ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ। ਉਸ ਨੂੰ ਉੱਥੋਂ ਦੀ ਇੱਕ ਕੰਪਨੀ ਵੱਲੋਂ ਸੇਲਜ਼ ਅਤੇ ਮਾਰਕੀਟਿੰਗ ਦੀ ਨੌਕਰੀ ਦਾ ਆਫ਼ਰ ਮਿਲਿਆ ਸੀ, ਜਿਸ ਨੇ ਬਾਅਦ ਵਿੱਚ ਇਸ ਨੂੰ ਵਰਕ ਵੀਜ਼ੇ ਵਿੱਚ ਬਦਲਣ ਦਾ ਭਰੋਸਾ ਦਿੱਤਾ ਸੀ। 16 ਸਤੰਬਰ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਸੰਪਰਕ ਟੁੱਟ ਗਿਆ। 22 ਸਤੰਬਰ ਨੂੰ ਟਿਕੇਸ਼ਵਰ ਨੇ ਵੀਡੀਓ ਕਾਲ ਕਰ ਕੇ ਪਰਿਵਾਰ ਨੂੰ ਰੋਂਦਿਆਂ ਦੱਸਿਆ ਕਿ ਵੋਲਗੋਗਰਾਦ ਪੁਲਸ ਨੇ ਉਸ ਨੂੰ ਡਰੱਗ ਸਮੱਗਲਿੰਗ ਦੇ ਕੇਸ ‘ਚ ਫਸਾ ਦਿੱਤਾ ਹੈ। ਰੂਸ ‘ਚ ਪਰਿਵਾਰ ਵੱਲੋਂ ਨਿਯੁਕਤ ਕੀਤਾ ਗਿਆ ਵਕੀਲ ਜਦੋਂ ਅਕਤੂਬਰ ਦੇ ਅਖ਼ੀਰ ‘ਚ ਟਿਕੇਸ਼ਵਰ ਨੂੰ ਮਿਲਿਆ, ਤਾਂ ਪਤਾ ਲੱਗਾ ਕਿ ਪੁਲਸ ਉਸ ਨੂੰ 10 ਤੋਂ 20 ਸਾਲ ਦੀ ਜੇਲ੍ਹ ਦੀ ਧਮਕੀ ਦੇ ਕੇ ਰੂਸੀ ਫ਼ੌਜ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕਰ ਰਹੀ ਹੈ। ਹਿਰਾਸਤ ਦੌਰਾਨ ਟਿਕੇਸ਼ਵਰ ਦੀ ਸਿਹਤ ਵਿਗੜ ਗਈ ਹੈ ਅਤੇ ਉਹ ਥਾਇਰਾਇਡ, ਹਾਈ ਬਲੱਡ ਪ੍ਰੈਸ਼ਰ ਅਤੇ ਲਿਵਰ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਫਿਲਹਾਲ ਰਾਏਪੁਰ ਪੁਲਸ ਅਤੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਟਿਕੇਸ਼ਵਰ ਦੀ ਪਤਨੀ ਮਨੋਰਮਾ ਸਾਹੂ ਵੱਲੋਂ ਲਿਖਿਆ ਗਿਆ ਪੱਤਰ ਪ੍ਰਾਪਤ ਹੋ ਗਿਆ ਹੈ ਅਤੇ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ (ਬਿਲਹਾ) ਦੀ 17 ਸਾਲਾ ਆਸ਼ੀ ਦੂਬੇ ਨੇ ਵੀ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਅਕਤੂਬਰ 2026 ‘ਚ ਰੂਸ ਗਏ ਉਸ ਦੇ 21 ਸਾਲਾ ਭਰਾ ਵਿਨੀਤ ਕੁਮਾਰ ਦੂਬੇ ਨੂੰ ਹਿਰਾਸਤ ਵਿੱਚ ਰੱਖ ਕੇ ਜੰਗ ‘ਚ ਸ਼ਾਮਲ ਹੋਣ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਵੀ ਆਪਣੇ ਭਰਾ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

