Major accident in Punjab early this morning; PRTC bus traveling from Sangrur to Chandigarh overturns, 3 people dead
ਪੰਜਾਬ ‘ਚ ਚੜ੍ਹਦੀ ਸਵੇਰ ਵੱਡਾ ਹਾਦਸਾ, ਸੰਗਰੂਰ ਤੋਂ ਚੰਡੀਗੜ੍ਹ ਜਾ ਰਹੀ PRTC ਦੀ ਬੱਸ ਪਲਟੀ, 3 ਲੋਕਾਂ ਦੀ ਮੌਤ
ਸੰਗਰੂਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ‘ਚ ਚੜ੍ਹਦੀ ਸਵੇਰ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਸੰਗਰੂਰ ਤੋਂ ਰਵਾਨਾ ਹੋਈ ਪੀ. ਆਰ. ਟੀ. ਸੀ. ਦੀ ਤੇਜ਼ ਰਫ਼ਤਾਰ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 12 ਤੋਂ 15 ਸਵਾਰੀਆਂ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ। ਜਾਣਕਾਰੀ ਮੁਤਾਬਕ ਪੀ. ਆਰ. ਟੀ. ਸੀ. ਦੀ ਉਕਤ ਬੱਸ ਤੜਕਸਾਰ 4.30 ਵਜੇ ਸੰਗਰੂਰ ਤੋਂ ਸਵਾਰੀਆਂ ਲੈ ਕੇ ਰਵਾਨਾ ਹੋਈ ਸੀ। ਰਸਤੇ ‘ਚ ਓਵਰਬ੍ਰਿਜ ਨੇੜੇ ਬੱਸ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਅਤੇ ਪੁਲ ਨਾਲ ਟਕਰਾਉਣ ਤੋਂ ਬਾਅਦ ਸਿੱਧੀ ਹੇਠਾਂ ਜਾ ਡਿੱਗੀ। ਇਸ ਭਿਆਨਕ ਹਾਦਸੇ ਦੌਰਾਨ 3 ਸਵਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 12 ਤੋਂ 15 ਦੇ ਕਰੀਬ ਸਵਾਰੀਆਂ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪੁੱਜੀ ਅਤੇ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰਵਾਏ। ਐਂਬੂਲੈਂਸਾਂ ਰਾਹੀਂ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ। ਸਿਵਲ ਹਸਪਤਾਲ ‘ਚ 10 ਮਰੀਜ਼ਾਂ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਤੁਰੰਤ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਟਿਆਲਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉੱਥੇ ਹੀ ਬਾਕੀ ਬਚੇ ਜ਼ਖਮੀਆਂ ਦਾ ਇਲਾਜ ਸਥਾਨਕ ਹਸਪਤਾਲ ‘ਚ ਜਾਰੀ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮੌਕੇ ‘ਤੇ ਧੁੰਦ ਦਾ ਕੋਈ ਅਸਰ ਨਹੀਂ ਸੀ ਅਤੇ ਤੇਜ਼ ਰਫ਼ਤਾਰ ਕਾਰਨ ਬੱਸ ਬੇਕਾਬੂ ਹੋਈ ਲੱਗਦੀ ਹੈ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਾਦਸੇ ਵੇਲੇ ਮੌਸਮ ਸਾਫ਼ ਸੀ ਅਤੇ ਧੁੰਦ ਨਹੀਂ ਸੀ। ਸ਼ੁਰੂਆਤੀ ਜਾਂਚ ਅਤੇ ਸਵਾਰੀਆਂ ਦੇ ਬਿਆਨਾਂ ਮੁਤਾਬਕ ਬੱਸ ਤੇਜ਼ ਰਫ਼ਤਾਰ ‘ਚ ਸੀ, ਜਿਸ ਕਾਰਨ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ।

