A plane full of passengers has been ‘hijacked’ in the US! A young man dressed in black, while in mid-air…
US ‘ਚ ‘ਹਾਈਜੈਕ’ ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ…
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਊਯਾਰਕ ਤੋਂ ਨਿਊ ਓਰਲੀਨਜ਼ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2174 ‘ਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ 34 ਸਾਲਾ ਯਾਤਰੀ ਨੇ ਆਪਣੇ ਕੋਲ ਬੰਬ ਹੋਣ ਦਾ ਦਾਅਵਾ ਕਰਦਿਆਂ ਕੌਕਪਿਟ ‘ਚ ਵੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੇ ਤੁਰੰਤ ਬਾਅਦ ਪਾਇਲਟਾਂ ਨੇ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਹਾਈਜੈਕਿੰਗ ਅਤੇ ‘ਲੈਵਲ 4’ ਖ਼ਤਰੇ ਦਾ ਐਮਰਜੈਂਸੀ ਅਲਰਟ ਭੇਜ ਦਿੱਤਾ। ਜਾਣਕਾਰੀ ਅਨੁਸਾਰ ਬੋਇੰਗ 737 ਜਹਾਜ਼ ਨੇ ਸੋਮਵਾਰ ਰਾਤ ਲਗਭਗ 9:26 ਵਜੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ਤੋਂ 46 ਯਾਤਰੀਆਂ ਅਤੇ 6 ਕ੍ਰੂ ਮੈਂਬਰਾਂ ਨਾਲ ਉਡਾਣ ਭਰੀ ਸੀ। ਯਾਤਰਾ ਦੌਰਾਨ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੌਜਵਾਨ ਨੇ ਅਚਾਨਕ ਬੰਬ ਹੋਣ ਦੀ ਧਮਕੀ ਦਿੱਤੀ ਅਤੇ ਕੌਕਪਿਟ ਵੱਲ ਵਧਣ ਲੱਗਾ। ਕ੍ਰੂ ਮੈਂਬਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਸ਼ਾਂਤ ਕੀਤਾ ਅਤੇ ਸਮਝਾ ਕੇ ਜਹਾਜ਼ ਦੇ ਪਿਛਲੇ ਹਿੱਸੇ ਵੱਲ ਲੈ ਗਏ, ਜਿਸ ਨਾਲ ਪਾਇਲਟ ਕੌਕਪਿਟ ਅੰਦਰ ਸੁਰੱਖਿਅਤ ਰਹੇ। ਜਹਾਜ਼ ਰਾਤ 11:07 ਵਜੇ ਨਿਊ ਓਰਲੀਨਜ਼ ਵਿਖੇ ਸੁਰੱਖਿਅਤ ਲੈਂਡ ਕਰ ਗਿਆ, ਜਿੱਥੇ ਪੁਲਸ ਅਤੇ ਸੁਰੱਖਿਆ ਬਲਾਂ ਨੇ ਜਹਾਜ਼ ਅੰਦਰ ਦਾਖ਼ਲ ਹੋ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 34 ਸਾਲਾ ਰੋਨੀ ਅਲੇਕਜ਼ੈਂਡਰ ਗੋਮੇਜ਼-ਅਲਬਰਟੋ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿਮਾਗੀ ਤੌਰ ‘ਤੇ ਬੀਮਾਰ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਖ਼ਿਲਾਫ਼ ਦਹਿਸ਼ਤ ਫੈਲਾਉਣ ਅਤੇ ਅੱਤਵਾਦੀ ਧਮਕੀਆਂ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

