NSG commandos to get new uniforms; decision taken after a soldier fainted in 44-degree heat
NSG ਕਮਾਂਡੋਜ਼ ਨੂੰ ਮਿਲੇਗੀ ਨਵੀਂ ਵਰਦੀ, 44 ਡਿਗਰੀ ਤਾਪਮਾਨ ’ਚ ਜਵਾਨ ਦੇ ਬੇਹੋਸ਼ ਹੋਣ ਤੋਂ ਬਾਅਦ ਲਿਆ ਫੈਸਲਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦੀ ਪ੍ਰਸਿੱਧ ਵਰਦੀ ਬਦਲਣ ਵਾਲੀ ਹੈ। ਇਸ ਦਾ ਕਾਰਨ ਅੱਤ ਦੀ ਗਰਮੀ ਦਾ ਪੈਣਾ ਹੈ। ਐੱਨ. ਐੱਸ. ਜੀ. ਨੇ ਆਪਣੇ ਵੀ. ਆਈ. ਪੀ. ਸੁਰੱਖਿਆ ਕਮਾਂਡੋਜ਼ ਲਈ ਨਵੀਂ ਸਾਹ ਲੈਣ ਯੋਗ ਵਰਦੀ ਬਣਾਉਣ ਦੀ ਸਿਫਾਰਸ਼ ਕੀਤੀ ਹੈ। ਇਹ ਵਰਦੀ ਨਾਈਕੋ ਫੈਬਰਿਕ ਤੋਂ ਬਣੀ ਹੋਵੇਗੀ, ਜੋ ਕਿ ਨਾਈਲੋਨ ਤੇ ਸੂਤੀ ਧਾਗੇ ਦਾ ਮਿਸ਼ਰਣ ਹੈ। ਇਹ ਫੈਬਰਿਕ ਹਵਾ ਤੇ ਨਮੀ ਨੂੰ ਆਸਾਨੀ ਨਾਲ ਬਾਹਰ ਨਿਕਲਣ ਦਿੰਦਾ ਹੈ। ਇਸ ਸਾਲ ਅਪ੍ਰੈਲ ’ਚ ਵਿਜੇਵਾੜਾ ਵਿਖੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਸੁਰੱਖਿਆ ਲਈ ਤਾਇਨਾਤ ਇਕ ਕਮਾਂਡੋ ਲੱਗਭਗ 44 ਡਿਗਰੀ ਸੈਲਸੀਅਸ ਤਾਪਮਾਨ ’ਚ ਬੇਹੋਸ਼ ਹੋ ਗਿਆ ਸੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਮਾਂਡੋ ਨੇ ਕਾਲੀ ਓਵਰਆਲ ਵਰਦੀ ’ਤੇ 6 ਕਿਲੋ ਦੀ ਬੁਲੇਟਪਰੂਫ ਜੈਕੇਟ ਪਹਿਣੀ ਹੋਈ ਸੀ । ਸਿਰ ’ਤੇ ਕਾਲੀ ਟੋਪੀ ਪਾਈ ਹੋਈ ਸੀ। ਇਕ ਛੋਟਾ ਹਥਿਆਰ ਆਪਣੀ ਕਮਰ ਨਾਲ ਬੰਨ੍ਹਿਆ ਹੋਇਆ ਸੀ। ਕਮਾਂਡੋ ਨੂੰ ਦੌਰਾ ਪਿਆ ਤੇ ਉਹ ਡਿੱਗ ਪਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਐੱਨ. ਐੱਸ. ਜੀ. ਨੂੰ ਉਮੀਦ ਹੈ ਕਿ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੱਕ ਕਮਾਂਡੋ ਨਵੀਂ ਵਰਦੀ ਪਹਿਣਨ ਲੱਗ ਪੌਣਗੇ।

