Electric pole falls on railway track in Mirzapur, 13 trains diverted, 3 cancelled
ਮਿਰਜ਼ਾਪੁਰ ‘ਚ ਰੇਲਵੇ ਟ੍ਰੈਕ ‘ਤੇ ਡਿੱਗਿਆ ਬਿਜਲੀ ਦਾ ਖੰਭਾ, 13 ਟਰੇਨਾਂ ਦਾ ਰੂਟ ਬਦਲਿਆ, 3 ਰੱਦ
ਮਿਰਜ਼ਾਪੁਰ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਰੇਲਵੇ ਸਟੇਸ਼ਨ ਅਤੇ ਝਿੰਗੁਰਾ ਰੇਲ ਖੰਡ ਦੇ ਵਿਚਕਾਰ ਮੰਗਲਵਾਰ ਸ਼ਾਮ ਤੀਜੀ ਰੇਲ ਲਾਈਨ ਦੇ ਨਿਰਮਾਣ ਦੌਰਾਨ ਅਚਾਨਕ ਮਿੱਟੀ ਧਸਣ ਕਾਰਨ ਦਿੱਲੀ-ਹਾਵੜਾ ਰੂਟ ਦੀ ਡਾਊਨ ਲਾਈਨ ‘ਤੇ ਬਿਜਲੀ ਦਾ ਖੰਭਾ ਡਿੱਗ ਪਿਆ। ਮੰਗਲਵਾਰ ਸ਼ਾਮ ਲਗਭਗ 6:20 ਵਜੇ ਵਾਪਰੀ ਇਸ ਘਟਨਾ ਤੋਂ ਬਾਅਦ ਡਾਊਨ ਲਾਈਨ ‘ਤੇ ਰੇਲਾਂ ਦੀ ਆਵਾਜਾਈ ਤੁਰੰਤ ਰੋਕ ਦਿੱਤੀ ਗਈ। ਇਸ ਦੌਰਾਨ ਉੱਥੋਂ ਲੰਘ ਰਹੀ ਗੋਂਦੀਆ-ਬਰੌਨੀ ਐਕਸਪ੍ਰੈਸ ਹਾਦਸੇ ਦੀ ਲਪੇਟ ਵਿੱਚ ਆਉਣ ਤੋਂ ਬਾਲ-ਬਾਲ ਬਚ ਗਈ। ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ 13 ਰੇਲਾਂ ਦੇ ਰੂਟਾਂ ਵਿੱਚ ਬਦਲਾਅ ਕੀਤਾ ਹੈ ਅਤੇ 3 ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 13 ਰੇਲਾਂ ਨੂੰ ਕਾਨਪੁਰ ਸੈਂਟਰਲ-ਲਖਨਊ-ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਅਤੇ ਪ੍ਰਯਾਗਰਾਜ ਜੰਕਸ਼ਨ-ਪ੍ਰਯਾਗਰਾਜ ਰਾਮਬਾਗ-ਬਨਾਰਸ ਦੇ ਬਦਲਵੇ ਰਸਤਿਆਂ ਰਾਹੀਂ ਡਾਇਵਰਟ ਕੀਤਾ ਗਿਆ ਹੈ। ਰੱਦ ਕੀਤੀਆਂ ਗਈਆਂ ਰੇਲਾਂ ਵਿੱਚ ਗੱਡੀ ਸੰਖਿਆ 63238 (ਸੂਬੇਦਾਰਗੰਜ-ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ) ਵੀ ਸ਼ਾਮਲ ਹੈ। ਡਾਊਨ ਲਾਈਨ ‘ਤੇ ਆਵਾਜਾਈ ਠੱਪ ਹੋਣ ਕਾਰਨ ਵੱਖ-ਵੱਖ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਯਾਗਰਾਜ ਤੋਂ ਚੋਪਨ ਜਾਣ ਵਾਲੀ ਰੇਲ ਗੱਡੀ ਨੂੰ ਵਿੰਧਿਆਚਲ ਸਟੇਸ਼ਨ ‘ਤੇ ਹੀ ਰੋਕ ਦਿੱਤਾ ਗਿਆ, ਜਿਸ ਕਾਰਨ ਯਾਤਰੀ 7 ਘੰਟਿਆਂ ਤੋਂ ਵੱਧ ਸਮੇਂ ਤੋਂ ਖੱਜਲ-ਖ਼ੁਆਰ ਹੋ ਰਹੇ ਹਨ। ਯਾਤਰੀਆਂ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਅੱਗੇ ਜਾਣ ਦਾ ਰਸਤਾ ਮਿਲ ਰਿਹਾ ਹੈ ਅਤੇ ਨਾ ਹੀ ਲਾਈਨ ਚਾਲੂ ਹੋਣ ਦਾ ਕੋਈ ਸਪੱਸ਼ਟ ਸਮਾਂ ਦੱਸਿਆ ਜਾ ਰਿਹਾ ਹੈ। ਖ਼ਾਸ ਕਰਕੇ ਮਹਿਲਾ ਅਤੇ ਬਜ਼ੁਰਗ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਰੇਲਵੇ ਦੇ ਪੀ.ਆਰ.ਓ. ਅਮਿਤ ਕੁਮਾਰ ਸਿੰਘ ਅਨੁਸਾਰ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੀਆਂ ਤਕਨੀਕੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਖੰਭੇ ਨੂੰ ਹਟਾ ਕੇ ਟ੍ਰੈਕ ਦੀ ਮੁਰੰਮਤ ਕਰਨ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੱਪ ਲਾਈਨ ‘ਤੇ ਰੇਲਾਂ ਦਾ ਸੰਚਾਲਨ ਆਮ ਵਾਂਗ ਜਾਰੀ ਹੈ, ਜਦਕਿ ਡਾਊਨ ਲਾਈਨ ‘ਤੇ ਟ੍ਰੈਕ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਾਅਦ ਹੀ ਆਵਾਜਾਈ ਬਹਾਲ ਕੀਤੀ ਜਾਵੇਗੀ।

