Buses torched, explosions outside police stations! Tension escalates in Bangladesh amid talk of Sheikh Hasina’s ‘return’.
ਫ਼ੂਕ’ਤੀਆਂ ਬੱਸਾਂ, ਥਾਣਿਆਂ ਬਾਹਰ ਹੋਏ ਧਮਾਕੇ ! ਸ਼ੇਖ ਹਸੀਨਾ ਦੀ ‘ਵਾਪਸੀ’ ਵਿਚਾਲੇ ਬੰਗਲਾਦੇਸ਼ ‘ਚ ਵਧਿਆ ਤਣਾਅ
Dhaka, (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਪਿਛਲੇ ਕੁਝ ਦਿਨਾਂ ਤੋਂ ਹਿੰਸਾ ਦੀਆਂ ਘਟਨਾਵਾਂ ਵਧ ਗਈਆਂ ਹਨ। 8 ਅਤੇ 9 ਨਵੰਬਰ ਨੂੰ ਕਈ ਥਾਵਾਂ ’ਤੇ ਧਮਾਕੇ ਅਤੇ ਸਾੜ-ਫੂਕ ਹੋਈ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਕੀਲਾਂ ਨੇ ਭਾਰਤ ਵਿਚ ਉਨ੍ਹਾਂ ਦੇ ਨਵੇਂ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰ ਲਈ ਅਰਜ਼ੀ ਦਿੱਤੀ ਹੈ। ਹਸੀਨਾ ਨੇ ਕਿਹਾ ਹੈ ਕਿ ਉਹ ਦਸੰਬਰ ਵਿਚ ਬੰਗਲਾਦੇਸ਼ ਪਰਤਣਗੇ। ਉਨ੍ਹਾਂ ਦੇ ਪਰਤਣ ਤੋਂ ਪਹਿਲਾਂ ਹੀ ਦੇਸ਼ ਵਿਚ ਸਿਆਸੀ ਤਣਾਅ ਵਧਣ ਲੱਗਾ ਹੈ। ਢਾਕਾ ਮੈਟਰੋਪੋਲੀਟਨ ਪੁਲਸ ਮੁਤਾਬਕ ਰਾਜਧਾਨੀ ਦੇ ਲਗਭਗ 10 ਇਲਾਕਿਆਂ ਵਿਚ 15 ਤੋਂ 20 ਘਟਨਾਵਾਂ ਵਾਪਰੀਆਂ। ਇਨ੍ਹਾਂ ਵਿਚ ਦੇਸੀ ਬੰਬ ਸੁੱਟਣ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸ਼ਾਮਲ ਹਨ। ਢਾਕਾ ਯੂਨੀਵਰਸਿਟੀ ਵਿਚ ਹੀ ਦੇਸੀ ਬੰਬ ਧਮਾਕੇ ਦੀਆਂ 6 ਘਟਨਾਵਾਂ ਹੋਈਆਂ। ਧਮਾਕੇ ਨੀਲਖੇਤ ਚੌਰਾਹੇ, ਯੂਨੀਵਰਸਿਟੀ ਦੇ ਮੁੱਖ ਗੇਟ, ਸੀਨੇਟ ਬਿਲਡਿੰਗ ਦੇ ਸਾਹਮਣੇ, ਮੈਟਰੋ ਸਟੇਸ਼ਨ ਦੇ ਨੇੜੇ ਅਤੇ ਸੁਫੀਆ ਕਮਾਲ ਹਾਲ ਦੇ ਬਾਹਰ ਹੋਏ। ਪੁਲਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ। ਪੁਲਸ ਅੰਕੜਿਆਂ ਮੁਤਾਬਕ 1 ਅਕਤੂਬਰ ਤੋਂ 8 ਨਵੰਬਰ ਦੇ ਵਿਚਕਾਰ ਦੇਸ਼ ਭਰ ਵਿਚ ਦੇਸੀ ਬੰਬ ਧਮਾਕਿਆਂ ਦੀਆਂ 31 ਅਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ 14 ਘਟਨਾਵਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿਚ 2 ਲੋਕ ਜ਼ਖ਼ਮੀ ਹੋਏ, ਜਦੋਂ ਕਿ 51 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਨ੍ਹਾਂ ਹਮਲਿਆਂ ਪਿੱਛੇ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਲੋਕਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ। ਹਾਲਾਂਕਿ, ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿਚ ਹੈ। ਅਖ਼ਤਰ ਹੁਸੈਨ ਨੇ ਦੱਸਿਆ ਕਿ ਜਾਂਚ ਵਿਚ ਅਜਿਹੇ ਸੰਕੇਤ ਮਿਲੇ ਹਨ ਕਿ ਕੁਝ ਲੋਕਾਂ ਨੂੰ ਪੈਸੇ ਦੇ ਕੇ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਸੀ। ਅਵਾਮੀ ਲੀਗ ਨੇ ਪੁਲਸ ਦੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ।

