Punjab: Major irregularities in land registrations; significant action taken
ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ‘ਚ ਵੱਡੀ ਹੇਰਾਫੇਰੀ, ਲਿਆ ਗਿਆ ਵੱਡਾ ਐਕਸ਼ਨ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ਜ਼ਿਲ੍ਹੇ ਦੀਆਂ ਤਹਿਸੀਲਾਂ ‘ਚ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੌਰਾਨ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਸਿੰਡੀਕੇਟ ਖ਼ਿਲਾਫ਼ ਪ੍ਰਸ਼ਾਸਨ ਅਤੇ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਲੁਧਿਆਣਾ ਪੁਲਸ ਕਮਿਸ਼ਨਰੇਟ, ਖੰਨਾ ਅਤੇ ਲੁਧਿਆਣਾ ਦਿਹਾਤੀ ਪੁਲਸ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਇੱਕੋ ਦਿਨ ’ਚ 10 ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਹਨ। ਜਾਂਚ ਮੁਤਾਬਕ ਸਾਲ 2013 ਤੋਂ 2016 ਦਰਮਿਆਨ ਜ਼ਿਲ੍ਹੇ ਦੇ ਸਬ-ਰਜਿਸਟਰਾਰ ਦਫ਼ਤਰਾਂ ‘ਚ ਤਮੀਲ ਕੀਤੀਆਂ 978 ਰਜਿਸਟਰੀਆਂ ‘ਚ ਜਾਇਦਾਦਾਂ ਦਾ ਅਸਲ ਮੁੱਲ ਅਤੇ ਕੁਲੈਕਟਰ ਰੇਟ ਘੱਟ ਦਰਸਾ ਕੇ ਭਾਰੀ ਸਟੈਂਪ ਡਿਊਟੀ ਚੋਰੀ ਕੀਤੀ ਗਈ। ਇਸ ਮਹਾ-ਘਪਲੇ ‘ਚ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਘੱਟ ਮੁੱਲਾਂਕਣ ’ਤੇ ਰਜਿਸਟਰੀਆਂ ਕਰਵਾਈਆਂ ਗਈਆਂ। ਦਰਜ 10 ਐੱਫ. ਆਈ. ਆਰ. ‘ਚ ਖ਼ਰੀਦਦਾਰਾਂ, ਵੇਚਣ ਵਾਲਿਆਂ, ਗਵਾਹਾਂ ਅਤੇ ਵਿਚੋਲਿਆਂ ਸਮੇਤ ਕਰੀਬ 2,000 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕੁੱਲ 978 ਗੜਬੜ ਵਾਲੀਆਂ ਰਜਿਸਟਰੀਆਂ ਵਿਚੋਂ ਸਭ ਤੋਂ ਵੱਧ ਮਾਮਲੇ ਸਮਰਾਲਾ (351) ਅਤੇ ਮਾਛੀਵਾੜਾ ਸਾਹਿਬ (237) ਵਿਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਗਰਾਓਂ (103), ਲੁਧਿਆਣਾ ਸੈਂਟਰਲ (82), ਲੁਧਿਆਣਾ ਵੈਸਟ (65), ਲੁਧਿਆਣਾ ਈਸਟ (36), ਸਿੱਧਵਾਂ ਬੇਟ (33), ਰਾਏਕੋਟ (31), ਪਾਇਲ (25) ਅਤੇ ਸਾਹਨੇਵਾਲ (15) ਵਿਚ ਵੀ ਇਹ ਹੇਰਾਫੇਰੀ ਪਾਈ ਗਈ। ਸ਼ਿਕਾਇਤਕਰਤਾ ਸੁਭਾਸ਼ ਕੈਟੀ ਨੇ ਮੰਗ ਕੀਤੀ ਹੈ ਕਿ ਸਿਰਫ਼ ਐੱਫ. ਆਈ. ਆਰ. ਦਰਜ ਕਰਨਾ ਕਾਫ਼ੀ ਨਹੀਂ ਹੈ, ਸਗੋਂ ਸਰਕਾਰੀ ਖ਼ਜ਼ਾਨੇ ਦੇ ਨੁਕਸਾਨ ਦੀ ਪੂਰਤੀ ਲਈ ਮੁਲਜ਼ਮਾਂ ਤੋਂ ਬਕਾਇਆ ਸਟੈਂਪ ਡਿਊਟੀ ਵਿਆਜ ਅਤੇ ਜੁਰਮਾਨੇ ਸਮੇਤ ਵਸੂਲੀ ਜਾਵੇ। ਉਨ੍ਹਾਂ ਵਿਜੀਲੈਂਸ ਬਿਊਰੋ ਤੋਂ 2016 ਤੋਂ 2026 ਤੱਕ ਦੇ ਪੂਰੇ 10 ਸਾਲਾਂ ਦੇ ਰਿਕਾਰਡ ਦੀ ਫਾਰੈਂਸਿਕ ਜਾਂਚ ਕਰਵਾਉਣ ਅਤੇ ਭ੍ਰਿਸ਼ਟ ਰਜਿਸਟਰੀ ਕਲਰਕਾਂ, ਪਟਵਾਰੀਆਂ ਤੇ ਸਬ-ਰਜਿਸਟਰਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

