Congress leader sends legal notice to Kareena Kapoor over wearing a ‘pendant’ featuring a Quranic verse
ਕਰੀਨਾ ਕਪੂਰ ਨੂੰ ਕਾਂਗਰਸ ਨੇਤਾ ਨੇ ਭੇਜਿਆ ਲੀਗਲ ਨੋਟਿਸ, ਕੁਰਾਨ ਦੀ ਆਇਤ ਵਾਲਾ ‘ਪੈਂਡੈਂਟ’ ਪਹਿਨਣ ਦਾ ਮਾਮਲਾ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਮਾਮਲਾ ਉਸ ਦੀ ਕਿਸੇ ਫਿਲਮ ਜਾਂ ਫੈਸ਼ਨ ਸਟੇਟਮੈਂਟ ਦਾ ਨਹੀਂ, ਸਗੋਂ ਦੀਵਾਲੀ ’ਤੇ ਪਹਿਨੇ ਗਏ ਇਕ ਬੇਹੱਦ ਖ਼ਾਸ ਸ਼ਾਹੀ ਹਾਰ ਦਾ ਹੈ। ਕਰੀਨਾ ਨੇ ਦੀਵਾਲੀ ਮੌਕੇ 30 ਕੈਰੇਟ ਦੇ ਪੰਨੇ ਵਾਲਾ ਪੈਂਡੈਂਟ ਪਹਿਨਿਆ ਸੀ, ਜਿਸ ’ਤੇ ਕੁਰਾਨ ਦੀ ਪਵਿੱਤਰ ਆਇਤ ਉੱਕਰੀ ਹੋਈ ਹੈ। ਹੁਣ ਇਸੇ ਗਹਿਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇਤਾ ਅਤੇ ਪਾਰਟੀ ਦੇ ਨੈਸ਼ਨਲ ਮੀਡੀਆ ਕੋਆਰਡੀਨੇਟਰ ਅੱਬਾਸ ਹਫ਼ੀਜ਼ ਨੇ ਕਰੀਨਾ ਅਤੇ ਉਸਦੀ ਸਟਾਈਲਿਸਟ ਰੀਆ ਕਪੂਰ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਇਸ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਉਨ੍ਹਾਂ ਤਸਵੀਰਾਂ, ਵੀਡੀਓਜ਼ ਅਤੇ ਪੋਸਟਾਂ ’ਤੇ ਇਤਰਾਜ਼ ਜਤਾਇਆ ਹੈ, ਜਿਨ੍ਹਾਂ ਵਿਚ ਕਰੀਨਾ ਇਹ ਪੈਂਡੈਂਟ ਪਹਿਨੀ ਨਜ਼ਰ ਆ ਰਹੀ ਹੈ। ਨੋਟਿਸ ਵਿਚ ਮੰਗ ਕੀਤੀ ਗਈ ਹੈ ਕਿ ਦੋਵੇਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਬੰਧਤ ਤਸਵੀਰਾਂ ਅਤੇ ਵੀਡੀਓਜ਼ ਹਟਾਉਣ। ਨਾਲ ਹੀ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਅਤੇ ਭਰੋਸਾ ਦੇਣ ਕਿ ਭਵਿੱਖ ਵਿਚ ਕੁਰਾਨ ਦੀ ਪਵਿੱਤਰ ਆਇਤ ਵਾਲੇ ਇਸ ਗਹਿਣੇ ਨੂੰ ਅਜਿਹੇ ਅੰਦਾਜ਼ ਵਿਚ ਪੇਸ਼ ਨਾ ਕੀਤਾ ਜਾਵੇਗਾ, ਜਿਸ ਨਾਲ ਉਸ ਦੀ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚੇ।

