Car driven into police officer during a checkpoint; officer left hanging on the bonnet and dragged for 200 metres — video goes viral
ਨਾਕੇਬੰਦੀ ਦੌਰਾਨ ਪੁਲਸ ਮੁਲਾਜ਼ਮ ‘ਤੇ ਚਾੜ੍ਹ ‘ਤੀ ਕਾਰ, ਬੋਨਟ ‘ਤੇ ਲਟਕਾ 200 ਮੀਟਰ ਤੱਕ ਘੜੀਸਿਆ, ਵੀਡੀਓ ਵਾਇਰਲ
ਠਾਣੇ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ’ਚ ਪਨਵੈਲ ਨੇੜੇ ਪੁਲਸ ਵਲੋਂ ਕੀਤੀ ਜਾ ਰਹੀ ਨਿਯਮਿਤ ਜਾਂਚ ਮੁਹਿੰਮ ਦੌਰਾਨ ਇਕ ਕਾਰ ਦੇ ਬੋਨਟ ’ਤੇ ਲੱਗਭਗ 200 ਮੀਟਰ ਤੱਕ ਘੜੀਸੇ ਜਾਣ ਨਾਲ ਇਕ ਪੁਲਸ ਕਾਂਸਟੇਬਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕਲਮਬੋਲੀ ਇਲਾਕੇ ’ਚ ਵਾਪਰੀ ਹੈ। ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਗੰਭੀਰ ਰੂਪ ਨਾਲ ਜ਼ਖਮੀ ਕਾਂਸਟੇਬਲ ਦੀ ਪਛਾਣ ਦਲੀਪ ਭੋਈ ਵਜੋਂ ਹੋਈ ਹੈ। ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ ਹੈ ਅਤੇ ਫਿਲਹਾਲ ਉਹ ਨੇੜੇ ਦੇ ਇਕ ਹਸਪਤਾਲ ’ਚ ਦਾਖਲ ਹੈ। ਮੁੱਢਲੀ ਰਿਪੋਰਟ ਅਤੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਪੁਲਸ ਕਰਮਚਾਰੀ ਇਕ ਨਾਕਾਬੰਦੀ ’ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ, ਤਾਂ ਉਨ੍ਹਾਂ ਇਕ ਤੇਜ਼ ਰਫ਼ਤਾਰ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਵਾਹਨ ਨਹੀਂ ਰੋਕਿਆ, ਜਿਸ ਨਾਲ ਕਾਰ ਬੇਕਾਬੂ ਹੋ ਕੇ ਪੁਲਸ ਕਰਮਚਾਰੀ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਕਾਰਨ ਭੋਈ ਉਛਲ ਕੇ ਕਾਰ ਦੇ ਬੋਨਟ ’ਤੇ ਜਾ ਡਿੱਗੇ। ਕਾਰ ਡਰਾਈਵਰ ਨੇ ਵਾਹਨ ਰੋਕਣ ਦੀ ਬਜਾਏ ਉਸ ਦੀ ਰਫ਼ਤਾਰ ਵਧਾ ਦਿੱਤੀ ਅਤੇ ਸਿਪਾਹੀ ਨੂੰ ਲੱਗਭਗ 200 ਮੀਟਰ ਤੱਕ ਘੜੀਸਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਘਟਨਾ ’ਚ ਸ਼ਾਮਲ ਵਾਹਨ ’ਤੇ ਫਰਜ਼ੀ ਨੰਬਰ ਪਲੇਟ ਲੱਗੀ ਸੀ, ਜਿਸ ਨਾਲ ਪੁਲਸ ਲਈ ਵਾਹਨ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ।

