Bodies of missing Special Police Officers recovered in Dachan; suspected terrorist attack
ਲਾਪਤਾ ਹੋਏ ਸਪੈਸ਼ਲ ਪੁਲਸ ਅਫ਼ਸਰਾਂ ਦੀਆਂ ਦੱਛਨ ਤੋਂ ਬਰਾਮਦ ਹੋਈਆਂ ਦੇਹਾਂ ! ਅੱਤਵਾਦੀ ਹਮਲੇ ਦਾ ਸ਼ੱਕ
Jammu, (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਇਲਾਕੇ ‘ਦੱਛਨ’ ਤੋਂ ਬੁੱਧਵਾਰ ਨੂੰ ਲਾਪਤਾ ਹੋਏ ਦੋ ਸਪੈਸ਼ਲ ਪੁਲਸ ਅਫ਼ਸਰਾਂ (SPO) ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਵੀਰਵਾਰ ਤੜਕੇ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਅਨੁਸਾਰ, ਸ਼ਹੀਦ ਹੋਏ ਜਵਾਨਾਂ ਦੇ ਸਰਕਾਰੀ ਹਥਿਆਰ ਮੌਕੇ ਤੋਂ ਗਾਇਬ ਹਨ, ਜਿਸ ਕਾਰਨ ਇਸ ਘਟਨਾ ਪਿੱਛੇ ਅੱਤਵਾਦੀ ਹਮਲੇ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸ਼ਹੀਦ ਹੋਏ ਪੁਲਸ ਮੁਲਾਜ਼ਮਾਂ ਦੀ ਪਛਾਣ ਬੌਬੀ ਚੰਦ (57) ਅਤੇ ਰਛਪਾਲ ਕੁਮਾਰ (45) ਵਜੋਂ ਹੋਈ ਹੈ। ਇਹ ਦੋਵੇਂ ਜਵਾਨ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨਾਲ ਦੱਛਨ ਦੇ ਕਿਆਰ ਪਿੰਡ ‘ਚ ਤਾਇਨਾਤ ਸੀ। ਉਹ ਬੁੱਧਵਾਰ ਨੂੰ ਆਪਣੇ ਕੈਂਪ ਤੋਂ ਧਾਰਨਾ-ਮਰਵਾਹ ਸਥਿਤ ਫ਼ੌਜੀ ਚੌਕੀ ਵੱਲ ਜਾ ਰਹੇ ਸਨ, ਕਿ ਇਸੇ ਦੌਰਾਨ ਉਹ ਅਚਾਨਕ ਲਾਪਤਾ ਹੋ ਗਏ ਸਨ। ਦੋਵਾਂ ਜਵਾਨਾਂ ਦੀਆਂ ਲਾਸ਼ਾਂ ‘ਤੇ ਗੋਲੀਆਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਸਰਵਿਸ ਹਥਿਆਰ ਲੁੱਟੇ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੂੰ ਅੱਤਵਾਦੀਆਂ ਵੱਲੋਂ ਅਗਵਾ ਕਰ ਕੇ ਮਾਰਿਆ ਗਿਆ ਹੈ। ਫਿਲਹਾਲ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਲੱਭਣ ਲਈ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਹੈ।

