A major conspiracy to terrorize Delhi-NCR! Police discover a cache of batteries and chemicals following a train blast
ਦਿੱਲੀ-NCR ਨੂੰ ਦਹਿਲਾਉਣ ਦੀ ਸੀ ਵੱਡੀ ਸਾਜ਼ਿਸ਼! ਟ੍ਰੇਨ ਧਮਾਕੇ ਮਗਰੋਂ ਪੁਲਸ ਨੂੰ ਮਿਲਿਆ ਬੈਟਰੀ-ਕੈਮੀਕਲ ਦਾ ਜ਼ਖ਼ੀਰਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਗਾਜ਼ੀਆਬਾਦ ਦੇ ਥਾਣਾ ਇੰਦਰਾਪੁਰਮ ਦੀ ਵਸੁੰਧਰਾ ਪੁਲਸ ਚੌਕੀ ’ਤੇ ਹੋਏ ਧਮਾਕੇ ਵਿਚ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਹੁਣ ਸ਼ਾਹਦਰਾ ਰੇਲਵੇ ਸਟੇਸ਼ਨ ਦੇ ਆਊਟਰ ’ਤੇ ਰੇਲਗੱਡੀ ਵਿਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਅੰਮ੍ਰਿਤਸਰ ਤੋਂ ਬਿਹਾਰ ਦੇ ਕਟਿਹਾਰ ਜਾ ਰਹੀ ਆਮਰਪਾਲੀ ਐਕਸਪ੍ਰੈੱਸ ਦੀ ਇਕ ਬੋਗੀ ਵਿਚ ਵੀਰਵਾਰ ਦੇਰ ਰਾਤ ਹਲਕੇ ਧਮਾਕੇ ਨਾਲ ਅੱਗ ਲੱਗ ਗਈ। ਘਟਨਾ ਦੇ ਸਮੇਂ ਰੇਲਗੱਡੀ ਸਾਹਿਬਾਬਾਦ ਸਟੇਸ਼ਨ ਪਾਰ ਕਰ ਕੇ ਸ਼ਾਹਦਰਾ ਆਊਟਰ ’ਤੇ ਪਹੁੰਚੀ ਸੀ। ਸਿਗਨਲ ਲਾਲ ਹੋਣ ਕਾਰਨ ਰੇਲਗੱਡੀ ਰੁਕੀ ਹੋਈ ਸੀ। ਇਸੇ ਦੌਰਾਨ ਬੋਗੀ ਵਿਚ ਹਲਕਾ ਧਮਾਕਾ ਹੋਣ ਅਤੇ ਅੱਗ ਲੱਗਣ ਨਾਲ ਯਾਤਰੀਆਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ’ਤੇ RPF (ਰੇਲਵੇ ਪੁਲਸ ਫੋਰਸ) ਦੀ ਟੀਮ ਮੌਕੇ ’ਤੇ ਪਹੁੰਚੀ। ਹਾਲਾਂਕਿ ਮੁਲਜ਼ਮ ਫ਼ਰਾਰ ਹੋ ਗਏ। ਖ਼ਦਸ਼ਾ ਹੈ ਕਿ ਦਿੱਲੀ-NCR ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਸੀ। ਘਟਨਾ ਬੁੱਧਵਾਰ ਸ਼ਾਮ 6:30 ਵਜੇ ਦੀ ਹੈ। RPF ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੋਗੀ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ ਪਰ ਉੱਥੇ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ। ਹਾਲਾਂਕਿ, ਮੌਕੇ ਤੋਂ ਬੈਟਰੀ ਨਾਲ ਜੁੜਿਆ ਕੁਝ ਸਾਮਾਨ ਅਤੇ ਕੈਮੀਕਲ ਬਰਾਮਦ ਹੋਇਆ ਹੈ। ਖ਼ਦਸ਼ਾ ਹੈ ਕਿ ਇਸ ਸਾਮਾਨ ਦੀ ਵਰਤੋਂ ਕਿਸੇ ਸ਼ੱਕੀ ਗਤੀਵਿਧੀ ਲਈ ਕੀਤੀ ਜਾ ਸਕਦੀ ਸੀ। ਆਰ. ਪੀ. ਐੱਫ. ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿਚ ਰੇਲ ਯਾਤਰੀਆਂ ਦੀ ਸੁਰੱਖਿਆ ਖ਼ਤਰੇ ਵਿਚ ਪਾਉਣ ਅਤੇ ਰੇਲ ਆਵਾਜਾਈ ਵਿਚ ਵਿਘਨ ਪਾਉਣ ਦੀਆਂ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਕੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਰੇਲਗੱਡੀ ਵਿਚ ਨਿਯਮਾਂ ਦੇ ਵਿਰੁੱਧ ਖ਼ਤਰਨਾਕ ਸਾਮਾਨ ਲਿਜਾਣ ਦੇ ਵੀ ਦੋਸ਼ ਹਨ। ਬਰਾਮਦ ਹੋਈ ਬੈਟਰੀ, ਕੈਮੀਕਲ ਅਤੇ ਹੋਰ ਸਾਮਾਨ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੈਟਰੀ ਅਤੇ ਕੈਮੀਕਲ ਕਿਸ ਕੰਮ ਲਈ ਵਰਤੇ ਜਾ ਰਹੇ ਸਨ।

