New developments regarding the Akali-BJP alliance; politics heats up following a statement by a veteran BJP leader
ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਨਵੀਂ ਖ਼ਬਰ, ਭਾਜਪਾ ਦੇ ਟਕਸਾਲੀ ਆਗੂ ਦੇ ਬਿਆਨ ਕਾਰਨ ਭਖੀ ਸਿਆਸਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਅਤੇ ਟਕਸਾਲੀ ਆਗੂ ਹਰਜੀਤ ਸਿੰਘ ਗਰੇਵਾਲ ਨੇ ਗਠਜੋੜ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੁਰਾਣੇ ਆਗੂ ਅਤੇ ਕਈ ਦਹਾਕਿਆਂ ਤੋਂ ਪਾਰਟੀ ਲਈ ਕੰਮ ਕਰ ਰਹੇ ਵਰਕਰ ਨਹੀਂ ਚਾਹੁੰਦੇ ਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰੇ। ਉਨ੍ਹਾਂ ਦੀ ਇੱਛਾ ਹੈ ਕਿ ਭਾਜਪਾ ਪੰਜਾਬ ’ਚ ਆਪਣੇ ਦਮ ’ਤੇ ਚੋਣ ਮੈਦਾਨ ’ਚ ਉਤਰੇ ਅਤੇ ਆਪਣੀ ਸਰਕਾਰ ਬਣਾਉਣ ਲਈ ਕੰਮ ਕਰੇ। ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਹਰਜੀਤ ਗਰੇਵਾਲ ਨੇ ਕਿਹਾ ਕਿ ਗਠਜੋੜ ਕਰਨਾ ਹੈ ਜਾਂ ਨਹੀਂ, ਇਹ ਫ਼ੈਸਲਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਕਰਨਾ ਹੈ। ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਫ਼ੈਸਲਾ ਲਵੇਗੀ। ਉਹ ਖ਼ੁਦ ਇਸ ਫ਼ੈਸਲਾ ਪ੍ਰਕਿਰਿਆ ’ਚ ਕੋਈ ਭੂਮਿਕਾ ਨਹੀਂ ਰੱਖਦੇ ਪਰ ਪਿਛਲੇ 40 ਸਾਲਾਂ ਤੋਂ ਪਾਰਟੀ ਅਤੇ ਇਸ ਦੀ ਵਿਚਾਰਧਾਰਾ ਨਾਲ ਜੁੜੇ ਹਨ। ਗਰੇਵਾਲ ਨੇ ਕਿਹਾ ਕਿ ਭਾਜਪਾ ਦੇ ਪੁਰਾਣੇ ਅਤੇ ਟਕਸਾਲੀ ਵਰਕਰਾਂ ਦੀ ਇੱਛਾ ਹੈ ਕਿ ਪਾਰਟੀ ਪੰਜਾਬ ’ਚ ਇਕੱਲਿਆਂ ਮਜ਼ਬੂਤ ਹੋਵੇ। ਉਨ੍ਹਾਂ ਮੁਤਾਬਕ ਪਾਰਟੀ ਨਾਲ 40 ਤੋਂ 50 ਸਾਲਾਂ ਤੋਂ ਜੁੜੇ ਵਰਕਰਾਂ ਨੇ ਕਈ ਪੀੜ੍ਹੀਆਂ ਇਸ ਦੇ ਲੇਖੇ ਲਾਈਆਂ ਹਨ। ਅਜਿਹੇ ਵਰਕਰ ਚਾਹੁੰਦੇ ਹਨ ਕਿ ਭਾਜਪਾ ਆਪਣੀ ਵੱਖਰੀ ਪਛਾਣ ਤੇ ਸਿਆਸੀ ਆਧਾਰ ਦੇ ਨਾਲ ਅੱਗੇ ਵਧੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੁੱਝ ਨਵੇਂ ਆਏ ਆਗੂ ਗਠਜੋੜ ਦੇ ਹੱਕ ’ਚ ਗੱਲ ਕਰਦੇ ਹਨ, ਜਦੋਂ ਕਿ ਪੁਰਾਣੇ ਵਰਕਰਾਂ ਦੀ ਸੋਚ ਇਸ ਤੋਂ ਵੱਖਰੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੁਰਾਣੇ ਵਰਕਰਾਂ ਦੀ ਇਹ ਇੱਛਾ ਉਹ ਹਾਈਕਮਾਨ ਤੱਕ ਪਹੁੰਚਾਉਣਗੇ ਤਾਂ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਗਠਜੋੜ ਦੇ ਹੱਕ ਜਾਂ ਵਿਰੋਧ ’ਚ ਸਿੱਧੀ ਵਕਾਲਤ ਨਹੀਂ ਕਰ ਰਹੇ। ਪਾਰਟੀ ਦੇ ਪੁਰਾਣੇ ਵਰਕਰ ਅਨੁਸ਼ਾਸਨ ’ਚ ਰਹਿਣ ਵਾਲੇ ਹਨ ਅਤੇ ਪਾਰਟੀ ਦੇ ਫ਼ੈਸਲੇ ਨੂੰ ਸਵੀਕਾਰ ਕਰਨਗੇ ਪਰ ਉਨ੍ਹਾਂ ਦੇ ਮਨ ’ਚ ਇਹ ਇੱਛਾ ਜ਼ਰੂਰ ਹੈ ਕਿ ਪੰਜਾਬ ’ਚ ਭਾਜਪਾ ਦੀ ਆਪਣੀ ਸਰਕਾਰ ਬਣੇ। ਹਰਜੀਤ ਗਰੇਵਾਲ ਨੇ ਗਠਜੋੜ ਦੀ ਚਰਚਾ ਨੂੰ ਸਿਰਫ਼ ਚੋਣਾਂ ਜਿੱਤਣ ਤੱਕ ਸੀਮਤ ਨਾ ਰੱਖਣ ਦੀ ਗੱਲ ਵੀ ਕਹੀ। ਉਨ੍ਹਾਂ ਮੁਤਾਬਕ ਸਰਕਾਰਾਂ ਬਣਦੀਆਂ ਅਤੇ ਟੁੱਟਦੀਆਂ ਰਹਿੰਦੀਆਂ ਹਨ ਪਰ ਕਿਸੇ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਭਾਜਪਾ ਤੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨੂੰ ਸਾਰੇ ਵਰਗਾਂ ਅਤੇ ਸੂਬੇ ਦੇ ਹਰ ਖੇਤਰ ਤੱਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਨੇ ਰਾਸ਼ਟਰਵਾਦ ਦੀ ਵਿਚਾਰਧਾਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ, ਆਰਥਿਕ ਮਜ਼ਬੂਤੀ ਅਤੇ ਬਿਹਤਰੀ ਲਈ ਪਾਰਟੀ ਨੂੰ ਆਪਣਾ ਸਿਆਸੀ ਆਧਾਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਜਪਾ ਜਿਨ੍ਹਾਂ ਸੂਬਿਆਂ ’ਚ ਸੱਤਾ ’ਚ ਹੈ, ਉੱਥੇ ਵਿਕਾਸ ਦੇ ਕੰਮ ਹੋ ਰਹੇ ਹਨ ਤੇ ਪੰਜਾਬ ’ਚ ਵੀ ਪਾਰਟੀ ਨੂੰ ਆਪਣੇ ਪੱਧਰ ’ਤੇ ਅੱਗੇ ਵਧਣ ਦੀ ਲੋੜ ਹੈ।

