Ukraine to give up Donbas and join NATO! Zelenskyy makes a major statement
ਡੋਨਬਾਸ ਛੱਡ NATO ਦੀ ਮੈਂਬਰਸ਼ਿਪ ਲਵੇਗਾ ਯੂਕ੍ਰੇਨ ! ਜ਼ੇਲੇਂਸਕੀ ਨੇ ਦਿੱਤਾ ਵੱਡਾ ਬਿਆਨ
Mascow, (ਆਵਾਜ਼ਿ ਕੌਮ ਬਿਊਰੋ)-ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ ਕਰੀਬ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਨੂੰ ਖ਼ਤਮ ਕਰਨ ਲਈ ਅਮਰੀਕਾ ਨੇ ਇੱਕ ਨਵਾਂ ਅਤੇ ਅਹਿਮ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪੇਸ਼ਕਸ਼ ਤਹਿਤ ਜੇਕਰ ਯੂਕ੍ਰੇਨ ਡੋਨਬਾਸ ਇਲਾਕੇ ਤੋਂ ਆਪਣੀਆਂ ਫੌਜਾਂ ਪਿੱਛੇ ਹਟਾ ਲਵੇ ਤਾਂ ਉਸ ਨੂੰ NATO ਦੀ ਮੈਂਬਰਸ਼ਿਪ ਦਿੱਤੀ ਜਾ ਸਕਦੀ ਹੈ। ਅਮਰੀਕਾ ਦੇ ਇਸ ਸੁਝਾਅ ‘ਤੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅਮਰੀਕਾ ਅਤੇ ਨਾਟੋ ਦੇ ਹੋਰ ਸਹਿਯੋਗੀ ਦੇਸ਼ ਯੂਕ੍ਰੇਨ ਨੂੰ ਸੁਰੱਖਿਆ ਦੀ ਗਾਰੰਟੀ ਦੇਣ ਤਾਂ ਡੋਨਬਾਸ ਬਾਰੇ ਕਿਸੇ ਵੀ ਸਮਝੌਤੇ ‘ਤੇ ਆਖ਼ਰੀ ਫ਼ੈਸਲਾ ਯੂਕ੍ਰੇਨ ਦੀ ਜਨਤਾ ਦਾ ਹੋਵੇਗਾ। ਰੂਸ ਲੰਬੇ ਸਮੇਂ ਤੋਂ ਡੋਨਬਾਸ ਖੇਤਰ ‘ਤੇ ਆਪਣਾ ਕਬਜ਼ਾ ਚਾਹੁੰਦਾ ਹੈ, ਜਦਕਿ ਯੂਕ੍ਰੇਨ ਭਵਿੱਖ ‘ਚ ਰੂਸੀ ਹਮਲਿਆਂ ਤੋਂ ਬਚਣ ਲਈ ਨਾਟੋ ਦੀ ਮੈਂਬਰਸ਼ਿਪ ਨੂੰ ਸਭ ਤੋਂ ਵੱਡਾ ਸੁਰੱਖਿਆ ਕਵਚ ਮੰਨਦਾ ਹੈ। ਹਾਲਾਂਕਿ, ਮਾਸਕੋ ਸ਼ੁਰੂ ਤੋਂ ਹੀ ਯੂਕ੍ਰੇਨ ਦੇ ਨਾਟੋ ‘ਚ ਸ਼ਾਮਲ ਹੋਣ ਦਾ ਸਖ਼ਤ ਵਿਰੋਧ ਕਰਦਾ ਆ ਰਿਹਾ ਹੈ, ਜਿਸ ਕਾਰਨ ਇਸ ਪ੍ਰਸਤਾਵ ‘ਤੇ ਰੂਸ ਦੀ ਸਹਿਮਤੀ ਬਣਨਾ ਇੱਕ ਵੱਡੀ ਚੁਣੌਤੀ ਹੈ। ਜੇਕਰ ਯੂਕ੍ਰੇਨ ਅਮਰੀਕਾ ਦੀ ਗੱਲ ਮੰਨ ਕੇ ਡੋਨਬਾਸ ਖੇਤਰ ਨੂੰ ਛੱਡ ਕੇ ਨਾਟੋ ‘ਚ ਸ਼ਾਮਲ ਹੁੰਦਾ ਹੈ ਤਾਂ ਇਸ ਗੱਲ ਤੋਂ ਰੂਸ ਵੀ ਨਾਰਾਜ਼ ਹੋ ਸਕਦਾ ਹੈ, ਕਿਉਂਕਿ ਉਹ ਸ਼ੁਰੂ ਤੋਂ ਹੀ ਯੂਕ੍ਰੇਨ ਦੇ ਨਾਟੋ ‘ਚ ਸ਼ਾਮਲ ਹੋਣ ਦੇ ਖ਼ਿਲਾਫ਼ ਰਿਹਾ ਹੈ। ਜੇ ਯੂਕ੍ਰੇਨ ਨਾਟੋ ‘ਚ ਸ਼ਾਮਲ ਹੋ ਗਿਆ ਤਾਂ ਨਾਟੋ ਰੂਸ ਦੀ ਸਰਹੱਦ ਤੱਕ ਆ ਪਹੁੰਚੇਗਾ, ਜੋ ਕਿ ਰੂਸ ਲਈ ਵੱਡੀ ਮੁਸੀਬਤ ਬਣ ਜਾਵੇਗਾ। ਇਸ ਕਾਰਨ ਇਸ ਸਮਝੌਤੇ ‘ਤੇ ਸਹਿਮਤੀ ਬਣਨਾ ਵੀ ਬਹੁਤ ਮੁਸ਼ਕਲ ਜਾਪਦੀ ਹੈ। ਜ਼ੇਲੇਂਸਕੀ ਨੇ ਹਾਲ ਹੀ ‘ਚ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ‘ਚ ਯੂਕ੍ਰੇਨ, ਅਮਰੀਕਾ ਅਤੇ ਰੂਸ ਦੇ ਵਫ਼ਦਾਂ ਵਿਚਾਲੇ ਹੋਈ ਤਿੰਨ-ਪੱਖੀ ਬੈਠਕ ਨੂੰ ਰਚਨਾਤਮਕ ਅਤੇ ਸਾਰਥਕ ਦੱਸਿਆ ਹੈ। ਇਸ ਗੱਲਬਾਤ ‘ਚ ਜੰਗੀ ਕੈਦੀਆਂ ਦੀ ਰਿਹਾਈ, ਤਣਾਅ ਘਟਾਉਣ ਅਤੇ ਯੂਕ੍ਰੇਨ ਲਈ ਸੁਰੱਖਿਆ ਗਾਰੰਟੀਆਂ ਵਰਗੇ ਮੁੱਦਿਆਂ ‘ਤੇ ਚਰਚਾ ਹੋਈ।

