Revelation of 450,000 Russian troop deaths in the Ukraine war; official data leaked!
ਯੂਕ੍ਰੇਨ ਜੰਗ ’ਚ ਰੂਸ ਦੇ 4.50 ਲੱਖ ਫੌਜੀਆਂ ਦੀ ਮੌਤ ਦਾ ਖੁਲਾਸਾ, ਸਰਕਾਰੀ ਡਾਟਾ ਲੀਕ!
ਨਵੀਂ ਦਿੱਲੀ, (ਆਵਾਜ਼ਿ ਕੌਮ ਬਿਊਰੋ)-ਯੂਕ੍ਰੇਨ ਨਾਲ ਜਾਰੀ ਜੰਗ ’ਚ ਰੂਸ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ਹੈ। ਰੂਸ ਦੀ ਸਰਕਾਰੀ ਅੰਕੜਾ ਏਜੰਸੀ ‘ਰੋਸਸਟੈਟ’ ਦੇ ਕਥਿਤ ਤੌਰ ’ਤੇ ਲੀਕ ਹੋਏ ਰਿਕਾਰਡ ਵਿਚ ਅਗਸਤ 2026 ਤੱਕ ਘੱਟੋ-ਘੱਟ 4.50 ਲੱਖ ਰੂਸੀ ਨਾਗਰਿਕਾਂ ਦੀ ਮੌਤ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ’ਚ ਜ਼ਿਆਦਾਤਰ ਫੌਜੀ ਹਨ। ਮ੍ਰਿਤਕਾਂ ਵਿਚ 4 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਜੋ ਰੂਸ ਵੱਲੋਂ ਜੰਗ ਲੜ ਰਹੇ ਸਨ। ਉਜ਼ਬੇਕਿਸਤਾਨ, ਤਾਜਿਕਿਸਤਾਨ, ਨੇਪਾਲ, ਕੋਲੰਬੀਆ ਅਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਨੇ ਇਸ ਜੰਗ ’ਚ ਜਾਨ ਗੁਆਈ ਹੈ। ਇਕ ਰਿਪੋਰਟ ਮੁਤਾਬਕ, ਮੌਤਾਂ ਦੀ ਰਜਿਸਟ੍ਰੇਸ਼ਨ ’ਚ ਦੇਰੀ ਨਾਲ ਜੁੜੇ ਰਿਕਾਰਡ ਸ਼ਾਮਲ ਹੋਣ ਤੋਂ ਬਾਅਦ ਇਹ ਅੰਕੜਾ ਕਰੀਬ 5.50 ਲੱਖ ਤੱਕ ਪਹੁੰਚ ਸਕਦਾ ਹੈ। ਰੂਸ ਸਰਕਾਰ ਅਧਿਕਾਰਤ ਤੌਰ ’ਤੇ ਆਪਣੇ ਫੌਜੀਆਂ ਦੀ ਮੌਤ ਦਾ ਅੰਕੜਾ ਜਾਰੀ ਨਹੀਂ ਕਰਦੀ। ਬੇਲਾਰੂਸ ਦੇ ‘ਸਾਈਬਰ ਪਾਰਟੀਜ਼ਨਜ਼’ ਅਤੇ ਯੂਕ੍ਰੇਨ ਦੇ ‘ਸਾਈਲੈਂਟ ਕ੍ਰੋ’ ਨਾਂ ਦੇ ਹੈਕਿੰਗ ਸਮੂਹਾਂ ਨੇ 1 ਨਵੰਬਰ ਨੂੰ ਰੋਸਸਟੈਟ ਦੇ ਨੈੱਟਵਰਕ ’ਚ ਸੰਨ੍ਹ ਲਾਉਣ ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਥਿਤ ਰਿਕਾਰਡ ਕਈ ਮੀਡੀਆ ਅਦਾਰਿਆਂ ਨਾਲ ਸਾਂਝੇ ਕੀਤੇ। ਰੋਸਸਟੈਟ ਨੇ 29 ਅਕਤੂਬਰ ਤੋਂ 1 ਨਵੰਬਰ ਦਰਮਿਆਨ ਸਾਈਬਰ ਹਮਲੇ ਹੋਣ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ ਉਸ ਦੇ ਡਾਟਾਬੇਸ ’ਚੋਂ ਸੁਰੱਖਿਅਤ ਅੰਕੜੇ ਚੋਰੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਹਾਲਾਂਕਿ, ਮੀਡੀਆ ਅਦਾਰਿਆਂ ਅਤੇ ਰੂਸ ਮਾਮਲਿਆਂ ਦੇ ਮਾਹਿਰਾਂ ਨੇ ਲੀਕ ਰਿਕਾਰਡ ਨੂੰ ਅਸਲੀ ਮੰਨਿਆ ਹੈ। ਸੁਤੰਤਰ ਤੌਰ ’ਤੇ ਪੂਰੇ ਡਾਟੇ ਦੀ ਪੁਸ਼ਟੀ ਨਹੀਂ ਹੋਈ ਹੈ। ਲੀਕ ਰਿਕਾਰਡ ਵਿਚ ਕਰੀਬ 4.10 ਲੱਖ ਮੌਤਾਂ ਨੂੰ ਸਿੱਧੇ ਤੌਰ ’ਤੇ ਜੰਗ ਨਾਲ ਸਬੰਧਤ ਦੱਸਿਆ ਗਿਆ ਹੈ। ਇਸ ਤੋਂ ਇਲਾਵਾ 42 ਹਜ਼ਾਰ ਅਜਿਹੇ ਫੌਜੀ ਉਮਰ ਵਰਗ ਦੇ ਪੁਰਸ਼ਾਂ ਦੀ ਮੌਤ ਅਦਾਲਤਾਂ ਰਾਹੀਂ ਦਰਜ ਹੋਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋ ਸਕੀਆਂ। ‘ਫਾਈਨੈਂਸ਼ੀਅਲ ਟਾਈਮਜ਼’ ਨੇ ਅਗਲੇ ਮੋਰਚੇ ਦੇ ਆਲੇ-ਦੁਆਲੇ ਹੋਈਆਂ ਹੋਰ 12 ਹਜ਼ਾਰ ਮੌਤਾਂ ਨੂੰ ਸੰਭਾਵੀ ਫੌਜੀ ਮੌਤਾਂ ਵਜੋਂ ਸ਼ਾਮਲ ਕੀਤਾ ਹੈ। ਅੰਕੜਿਆਂ ਮੁਤਾਬਕ, ਅਵਦਿਵਕਾ ਅਤੇ ਪੋਕਰੋਵਸਕ ਖੇਤਰ ’ਚ ਕਰੀਬ 1.20 ਲੱਖ ਅਤੇ ਬਖਮੁਤ ਵਿਚ 48 ਹਜ਼ਾਰ ਰੂਸੀ ਫੌਜੀਆਂ ਦੀ ਮੌਤ ਦਰਜ ਕੀਤੀ ਗਈ। ਮਾਰੇ ਗਏ ਫੌਜੀਆਂ ਦੀ ਔਸਤ ਉਮਰ ਜੰਗ ਦੇ ਪਹਿਲੇ ਸਾਲ ਦੇ 34 ਸਾਲ ਤੋਂ ਵਧ ਕੇ 2025 ਵਿਚ 40 ਸਾਲ ਹੋ ਗਈ। 35 ਤੋਂ 44 ਸਾਲ ਦੀ ਉਮਰ ਵਰਗ ਦੇ ਕਰੀਬ 1.58 ਲੱਖ ਪੁਰਸ਼ ਮਾਰੇ ਗਏ। ਰੂਸ ਦੇ ਘੱਟ-ਗਿਣਤੀ ਆਬਾਦੀ ਵਾਲੇ ਖੇਤਰਾਂ ’ਚ ਵੀ ਭਾਰੀ ਜਾਨੀ ਨੁਕਸਾਨ ਹੋਇਆ। ਬੁਰਯਾਤ ਭਾਈਚਾਰੇ ਦੀ ਵੱਡੀ ਆਬਾਦੀ ਵਾਲੇ ਜ਼ਾਬਾਇਕਾਲਸਕੀ ਖੇਤਰ ’ਚ ਕਰੀਬ 12,300 ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ ਬਸ਼ਕੋਰਤੋਸਤਾਨ ’ਚ ਇਹ ਗਿਣਤੀ 15,800 ਰਹੀ। ਇਸ ਤੋਂ ਜੰਗ ਦਾ ਬੋਝ ਗਰੀਬ ਅਤੇ ਘੱਟ-ਗਿਣਤੀ ਖੇਤਰਾਂ ’ਤੇ ਜ਼ਿਆਦਾ ਪੈਣ ਦੇ ਸੰਕੇਤ ਮਿਲਦੇ ਹਨ। ਰਿਪੋਰਟ ਮੁਤਾਬਕ 4,141 ਵਿਦੇਸ਼ੀ ਨਾਗਰਿਕਾਂ ਦੀਆਂ ਸੰਭਾਵੀ ਮੌਤਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚ ਉਜ਼ਬੇਕਿਸਤਾਨ ਦੇ 807 ਅਤੇ ਤਾਜਿਕਿਸਤਾਨ ਦੇ 598 ਨਾਗਰਿਕ ਸ਼ਾਮਲ ਹਨ। ਨੇਪਾਲ ਦੇ 44 ਅਤੇ ਕੋਲੰਬੀਆ ਦੇ 98 ਨਾਗਰਿਕ ਵੀ ਮਾਰੇ ਗਏ। ਐੱਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਬ੍ਰਾਜ਼ੀਲ, ਕੋਲੰਬੀਆ, ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੇ ਲੋਕਾਂ ਨੂੰ ਚੰਗੀ ਤਨਖਾਹ ਵਾਲੀਆਂ ਸਿਵਲ ਨੌਕਰੀਆਂ ਦਾ ਲਾਲਚ ਦੇ ਕੇ ਰੂਸ ਬੁਲਾਇਆ ਗਿਆ ਅਤੇ ਬਾਅਦ ਵਿਚ ਫੌਜ ’ਚ ਸ਼ਾਮਲ ਕਰ ਲਿਆ ਗਿਆ। ਕੀਨੀਆ ਵਿਚ ਵੀ ਭਰਤੀ ਏਜੰਟਾਂ ਨੇ ਹਜ਼ਾਰਾਂ ਲੋਕਾਂ ਨੂੰ ਆਕਰਸ਼ਕ ਤਨਖਾਹ ਅਤੇ ਬੋਨਸ ਦਾ ਲਾਲਚ ਦਿੱਤਾ। ਵਾਸ਼ਿੰਗਟਨ ਸਥਿਤ ‘ਇੰਸਟੀਚਿਊਟ ਫਾਰ ਦਿ ਸਟੱਡੀ ਆਫ ਵਾਰ’ ਦੇ ਵਿਸ਼ਲੇਸ਼ਣ ਮੁਤਾਬਕ, ਅਸਲ ਰੂਸੀ ਫੌਜੀ ਨੁਕਸਾਨ ਲੀਕ ਅੰਕੜਿਆਂ ਤੋਂ ਵੀ ਵੱਧ ਹੋ ਸਕਦਾ ਹੈ। ਜੁਲਾਈ ਤੱਕ ਰੂਸੀ ਫੌਜ ਵਿਚ ਫੌਜੀਆਂ ਦੀ ਭਰਤੀ ਦੇ ਮੁਕਾਬਲੇ ਮਾਰੇ ਜਾਣ ਵਾਲੇ ਅਤੇ ਜ਼ਖਮੀ ਹੋਣ ਵਾਲੇ ਫੌਜੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇੰਨੇ ਵੱਡੇ ਜਾਨੀ ਨੁਕਸਾਨ ਦਾ ਰੂਸ ਦੀ ਅਰਥਵਿਵਸਥਾ ’ਤੇ ਸੀਮਤ, ਪਰ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਗੰਭੀਰ ਅਸਰ ਪੈ ਸਕਦਾ ਹੈ।

