Patients lying on beds in a government hospital in Rajasthan were bitten by rats; serious questions raised about the administration
ਰਾਜਸਥਾਨ ਦੇ ਸਰਕਾਰੀ ਹਸਪਤਾਲ ‘ਚ ਬੈੱਡ ‘ਤੇ ਪਏ ਮਰੀਜ਼ਾਂ ਨੂੰ ਚੂਹਿਆਂ ਨੇ ਵੱਢਿਆ, ਪ੍ਰਸ਼ਾਸਨ ‘ਤੇ ਉੱਠੇ ਵੱਡੇ ਸਵਾਲ
ਪਾਲੀ, (ਆਵਾਜ਼ਿ ਕੌਮ ਬਿਊਰੋ)-ਪਾਲੀ ਦੇ ਸਭ ਤੋਂ ਵੱਡੇ ਜ਼ਿਲਾ ਹਸਪਤਾਲ ਦੇ ਵਾਰਡ ’ਚ ਦਾਖਲ ਮਰੀਜ਼ਾਂ ਨੂੰ ਚੂਹੇ ਵੱਢ ਰਹੇ ਹਨ। ਬਾਂਗੜ ਹਸਪਤਾਲ ਦੇ ਸਰਜੀਕਲ ਵਾਰਡ ’ਚ ਚੂਹੇ ਰਾਤ ਵੇਲੇ ਸੁੱਤੇ ਪਏ 2 ਮਰੀਜ਼ਾਂ ਦੇ ਪੈਰਾਂ ਦੀਆਂ ਉਂਗਲਾਂ ਵੱਢ ਗਏ। ਵਾਰਡ ’ਚ ਬੇਰੋਕ-ਟੋਕ ਘੁੰਮ ਰਹੇ ਕੁੱਤਿਆਂ ਤੋਂ ਬਚਣ ਦੀ ਜ਼ਿੰਮੇਵਾਰੀ ਵੀ ਖ਼ੁਦ ਮਰੀਜ਼ਾਂ ਦੀ ਹੈ। ਜੋਜਾਵਰ ਖੇਤਰ ਦੇ ਰਹਿਣ ਵਾਲੇ ਮੋਤੀ ਸਿੰਘ ਨੇ ਦੱਸਿਆ, ‘‘ਮੈਂ 7 ਅਕਤੂਬਰ ਤੋਂ ਹਸਪਤਾਲ ’ਚ ਦਾਖਲ ਹਾਂ। ਮੈਨੂੰ ਸ਼ੂਗਰ ਦੀ ਸਮੱਸਿਆ ਹੈ। ਰਾਤ ਵੇਲੇ ਚੂਹੇ ਨੇ ਮੇਰੇ ਦੋਵਾਂ ਪੈਰਾਂ ਨੂੰ ਵੱਢ ਲਿਆ।’’ ਇਸੇ ਵਾਰਡ ’ਚ ਦਾਖਲ ਬਾਬੂ ਖਾਨ ਦੀ ਪਤਨੀ ਹਸੀਨਾ ਬਾਨੋ ਨੇ ਦੱਸਿਆ, ‘‘ਪੇਟ ਦਰਦ ਕਾਰਨ ਮੇਰੇ ਪਤੀ 3 ਦਿਨਾਂ ਤੋਂ ਹਸਪਤਾਲ ’ਚ ਦਾਖਲ ਹਨ। ਰਾਤ ਨੂੰ ਮੈਂ ਉਨ੍ਹਾਂ ਦੇ ਬੈੱਡ ਕੋਲ ਸੌਂ ਰਹੀ ਸੀ। ਇਸ ਦੌਰਾਨ ਚੂਹੇ ਨੇ ਮੇਰੇ ਪੈਰ ਨੂੰ ਵੱਢ ਲਿਆ।’’ ਹਸਪਤਾਲ ’ਚ ਸੁਰੱਖਿਆ ਲਈ ਹੋਮਗਾਰਡ ਦੇ ਜਵਾਨਾਂ ਤੋਂ ਲੈ ਕੇ ਨਿੱਜੀ ਸੁਰੱਖਿਆ ਮੁਲਾਜ਼ਮ ਤੱਕ ਤਾਇਨਾਤ ਹਨ। ਇਸ ਦੇ ਬਾਵਜੂਦ ਹਸਪਤਾਲ ਦੇ ਵਾਰਡ ’ਚ ਕੁੱਤਾ ਘੁੰਮਦਾ ਵਿਖਾਈ ਦਿੱਤਾ। ਇਕ ਮਰੀਜ਼ ਦੇ ਪਰਿਵਾਰਕ ਮੈਂਬਰ ਨੇ ਕੁੱਤੇ ਨੂੰ ਬਾਹਰ ਭਜਾਇਆ। ਮਾਮਲੇ ’ਚ ਬਾਂਗੜ ਹਸਪਤਾਲ ਦੇ ਕਾਰਜਕਾਰੀ ਸੁਪਰਡੈਂਟ ਡਾ. ਆਰ. ਕੇ. ਬਿਸ਼ਨੋਈ ਨੇ ਕਿਹਾ, ‘‘ਮਰੀਜ਼ਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ।’’

