‘Bride’ arrives from Canada to marry a 31-year-old man—but ends up saying no!
31 ਸਾਲ ਦੇ ਬੰਦੇ ਨਾਲ ਵਿਆਹ ਕਰਵਾਉਣ ਕੈਨੇਡਾ ਤੋਂ ਆਈ ‘ਲਾੜੀ’ ! ਫ਼ਿਰ ਵੀ ਹੋ ਗਈ ਨਾਂਹ
ਜੈਪੁਰ (ਆਵਾਜ਼ਿ ਕੌਮ ਬਿਊਰੋ)-ਡੇਟਿੰਗ ਐਪ ’ਤੇ ਦੋਸਤੀ ਤੋਂ ਬਾਅਦ ਇਕ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਰਾਜਸਥਾਨ ਪਹੁੰਚੀ ਕੈਨੇਡਾ ਦੀ 61 ਸਾਲ ਦੀ ਇਕ ਔਰਤ ਉਸ ਸਮੇਂ ਮੁਸ਼ਕਲ ’ਚ ਫੱਸ ਗਈ, ਜਦੋਂ ਮੁੰਡੇ ਨੇ ਉਸ ਦੀ ਉਮਰ ਦਾ ਪਤਾ ਲੱਗਣ ਤੋਂ ਬਾਅਦ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਐਤਵਾਰ ਦੱਸਿਆ ਕਿ ਇਹ ਘਟਨਾ ਬਹਿਰੋੜ ਜ਼ਿਲ੍ਹੇ ਦੇ ਨੀਮਰਾਨਾ ’ਚ ਵਾਪਰੀ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਕੈਨੇਡਾ ਦੇ ਦੂਤਘਰ ਦੇ ਦਖਲ ਤੋਂ ਬਾਅਦ ਕਾਰਵਾਈ ਕੀਤੀ। ਨੀਮਰਾਨਾ ਪੁਲਸ ਸਟੇਸ਼ਨ ਦੇ ਅਧਿਕਾਰੀ ਸੁਰੇਂਦਰ ਯਾਦਵ ਨੇ ਦੱਸਿਆ ਕਿ ਦੂਤਘਰ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ 13 ਨਵੰਬਰ ਨੂੰ ਸਵੇਰੇ 4 ਵਜੇ ਦੇ ਕਰੀਬ ਬੀਬੀ ਬਿਲਡਰਜ਼ ਸੋਸਾਇਟੀ ਪਹੁੰਚੀ ਤੇ ਔਰਤ ਅਤੇ ਨੌਜਵਾਨ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ 31 ਸਾਲਾ ਨਿਤਿਨ ਨੇ ਲੱਗਭਗ ਇਕ ਸਾਲ ਪਹਿਲਾਂ ਇਕ ਡੇਟਿੰਗ ਐਪ ਰਾਹੀਂ ਕੈਨੇਡਾ ਦੀ ਉਕਤ ਔਰਤ ਨਾਲ ਦੋਸਤੀ ਕੀਤੀ ਸੀ। ਬਾਅਦ ’ਚ ਉਨ੍ਹਾਂ ਵਿਆਹ ਕਰਨ ਦਾ ਫੈਸਲਾ ਕੀਤਾ। ਔਰਤ 11 ਨਵੰਬਰ ਨੂੰ ਟੂਰਿਸਟ ਵੀਜ਼ੇ ’ਤੇ ਦਿੱਲੀ ਆਈ। ਨਿਤਿਨ ਨੇ ਉਸ ਨੂੰ ਹਵਾਈ ਅੱਡੇ ਤੋਂ ਨੀਮਰਾਨਾ ’ਚ ਆਪਣੇ ਮਾਮੇ ਦੇ ਫਲੈਟ ’ਚ ਠਹਿਰਾਇਆ। ਦੋਵੇਂ 2 ਦਿਨ ਉੱਥੇ ਰਹੇ। ਪੁਲਸ ਅਨੁਸਾਰ ਜਿਵੇਂ-ਜਿਵੇਂ ਵਿਆਹ ਦੀਆਂ ਗੱਲਾਂ ਅੱਗੇ ਵਧੀਆਂ, ਨਿਤਿਨ ਨੂੰ ਪਤਾ ਲੱਗਾ ਕਿ ਔਰਤ ਲਗਭਗ 61 ਸਾਲ ਦੀ ਹੈ, ਜਿਸ ਤੋਂ ਬਾਅਦ ਉਸ ਨੇ ਔਰਤ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਕਾਰ ਵਿਵਾਦ ਹੋ ਗਿਆ। ਇਸ ਤੋਂ ਬਾਅਦ ਔਰਤ ਨੇ 13 ਨਵੰਬਰ ਨੂੰ ਕੈਨੇਡਾ ਦੇ ਦੂਤਘਰ ਨਾਲ ਸੰਪਰਕ ਕੀਤਾ। ਦੂਤਘਰ ਤੋਂ ਸੂਚਨਾ ਮਿਲਣ ‘ਤੇ ਪੁਲਸ ਨੇ ਦਖ਼ਲ ਦਿੱਤਾ ਅਤੇ ਦੋਵਾਂ ਨੂੰ ਥਾਣੇ ਬੁਲਾਇਆ। ਯਾਦਵ ਨੇ ਦੱਸਿਆ ਕਿ ਨਿਤਿਨ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਦੋਂ ਕਿ ਔਰਤ ਨੂੰ ਕੋਟਪੂਤਲੀ ਸਥਿਤ ਇਕ ਦੇਖਭਾਲ ਕੇਂਦਰ ਭੇਜਿਆ ਗਿਆ ਹੈ। ਪੁਲਸ ਉਸ ਦੀ ਕੈਨੇਡਾ ਵਾਪਸੀ ਦੀ ਵਿਵਸਥਾ ਵੀ ਕਰ ਰਹੀ ਹੈ। ਨਿਤਿਨ ਪਾਨੀਪਤ ਦੇ ਇਕ ਨਿੱਜੀ ਸਕੂਲ ‘ਚ ਅਧਿਆਪਕ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

