Chinese military aircraft enters Indian airspace! Continued flying despite multiple warnings
ਭਾਰਤੀ ਏਅਰਸਪੇਸ ‘ਚ ਆ ਵੜਿਆ ਚੀਨ ਦਾ ਫ਼ੌਜੀ ਜਹਾਜ਼ ! ਕਈ ਚਿਤਾਵਨੀਆਂ ਦੇ ਬਾਵਜੂਦ ਰਿਹਾ ਉੱਡਦਾ
New Delhi, (ਆਵਾਜ਼ਿ ਕੌਮ ਬਿਊਰੋ)-ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 12 ਨਵੰਬਰ ਨੂੰ ਇੱਕ ਚੀਨੀ ਫ਼ੌਜੀ ਜਹਾਜ਼ ਸਿੱਕਮ ਦੇ ਉੱਪਰ ਭਾਰਤੀ ਏਅਰ ਸਪੇਸ ‘ਚ ਦਾਖ਼ਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਭਾਰਤੀ ਹਵਾਈ ਫ਼ੌਜ ਦੀਆਂ ਵਾਰ-ਵਾਰ ਦਿੱਤੀਆਂ ਗਈਆਂ ਰੇਡੀਓ ਵਾਰਨਿੰਗਜ਼ ਨੂੰ ਨਜ਼ਰਅੰਦਾਜ਼ ਕਰਦਿਆਂ ਲਗਭਗ 20 ਤੋਂ 25 ਮਿੰਟ ਤੱਕ ਇਲਾਕੇ ‘ਚ ਉਡਾਣ ਭਰੀ। ਹਾਲਾਂਕਿ, ਭਾਰਤੀ ਰੱਖਿਆ ਅਧਿਕਾਰੀਆਂ ਜਾਂ ਚੀਨ ਵੱਲੋਂ ਅਜੇ ਤੱਕ ਇਸ ਘਟਨਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ IAF ਨੇ ਸਵੇਰੇ ਲਗਭਗ 8 ਵਜੇ ਇਸ ਜਹਾਜ਼ ਨੂੰ 25,000 ਫੁੱਟ ਦੀ ਉਚਾਈ ‘ਤੇ ਉੱਡਦੇ ਦੇਖਿਆ। ਹਵਾਈ ਸੈਨਾ ਵੱਲੋਂ ਚੀਨੀ ਖੇਤਰ ਵਿੱਚ ਵਾਪਸ ਪਰਤਣ ਦੀਆਂ ਕਈ ਚਿਤਾਵਨੀਆਂ ਦੇਣ ਦੇ ਬਾਵਜੂਦ ਜਹਾਜ਼ 20-25 ਮਿੰਟ ਤੱਕ ਉੱਥੇ ਉੱਡਦਾ ਰਿਹਾ। ਸਿੱਕਮ ਸੈਕਟਰ ਡੋਕਲਾਮ ਪਠਾਰ, ਜਿੱਥੇ 2017 ‘ਚ ਭਾਰਤ-ਚੀਨ ਫ਼ੌਜਾਂ ਵਿਚਾਲੇ ਟਕਰਾਅ ਹੋਇਆ ਸੀ ਅਤੇ ਪੱਛਮੀ ਬੰਗਾਲ ਦੇ ਰਣਨੀਤਕ ‘ਸਿਲੀਗੁੜੀ ਕੋਰੀਡੋਰ’ ਦੇ ਬਿਲਕੁਲ ਨੇੜੇ ਹੈ, ਜੋ ਉੱਤਰ-ਪੂਰਬੀ ਸੂਬਿਆਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਰੱਖਿਆ ਮਾਹਿਰਾਂ ਨੂੰ ਸ਼ੱਕ ਹੈ ਕਿ ਇਹ ਚੁੰਬੀ ਵੈਲੀ ਨੇੜੇ ਉੱਡਣ ਵਾਲਾ ਕੋਈ ਨਿਗਰਾਨੀ ਜਹਾਜ਼ ਜਾਂ ਡਰੋਨ ਹੋ ਸਕਦਾ ਹੈ। 15 ਨਵੰਬਰ ਤੱਕ ਰੱਖਿਆ ਮੰਤਰਾਲੇ ਜਾਂ ਹਵਾਈ ਫ਼ੌਜ ਨੇ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਦੂਜੇ ਪਾਸੇ, ਵਿਰੋਧੀ ਧਿਰ ਕਾਂਗਰਸ ਨੇ ਇਸ ਰਿਪੋਰਟ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਚੀਨ ਖ਼ਿਲਾਫ਼ ਸਖ਼ਤ ਵਿਰੋਧ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਨੂੰ ‘ਕਲੀਨ ਚਿੱਟ’ ਨਾ ਦੇਣ ਦੀ ਅਪੀਲ ਕੀਤੀ ਹੈ।

