Horrific accident on Rishikesh-Badrinath Highway: Bus full of passengers falls into a gorge; 6 dead
ਰਿਸ਼ੀਕੇਸ਼-ਬਦਰੀਨਾਥ ਹਾਈਵੇਅ ‘ਤੇ ਭਿਆਨਕ ਹਾਦਸਾ : ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 6 ਦੀ ਮੌਤ
ਟਹਿਰੀ/ਦੇਹਰਾਦੂਨ (ਆਵਾਜ਼ਿ ਕੌਮ ਬਿਊਰੋ)- ਉਤਰਾਖੰਡ ਦੇ ਟਿਹਰੀ ਜ਼ਿਲ੍ਹੇ ਵਿਚ ਰਿਸ਼ੀਕੇਸ਼-ਬਦਰੀਨਾਥ ਹਾਈਵੇਅ ‘ਤੇ ਮੰਗਲਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ। ਜਿਥੇ ਹਰਿਦੁਆਰ ਤੋਂ ਬਦਰੀਨਾਥ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਬੇਕਾਬੂ ਹੋ ਕੇ ਗੁਲਰ ਸ਼ਹਿਰ ਦੇ ਨੇੜੇ ਡੂੰਘੀ ਖੱਡ ਵਿਚ ਡਿੱਗ ਗਈ। ਇਸ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਮੁਤਾਬਕ ਉੱਤਰਾਖੰਡ ਤੋਂ ਆਈ ਇਕ ਬੱਸ ਮੁਨੀ ਕੀ ਰੇਤੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿਚ ਆਉਂਦੇ ਗੁਲਾਰ ਨੇੜੇ ਖੱਡ ਵਿਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਗੁਲਾਰ, ਸ਼ਿਵਪੁਰੀ, ਬਿਆਸੀ ਅਤੇ ਹੋਰ ਪੁਲਸ ਸਟੇਸ਼ਨਾਂ ਦੀ ਪੁਲਸ ਤੁਰੰਤ ਘਟਨਾ ਸਥਾਨ ‘ਤੇ ਪਹੁੰਚ ਗਈ। ਇਸ ਮੌਕੇ ਰਾਹਤ ਅਤੇ ਬਚਾਅ ਕਾਰਜਾਂ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਫਾਇਰ ਸਰਵਿਸ ਅਤੇ ਐਂਬੂਲੈਂਸਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਇਸ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਬਾਕੀ ਜ਼ਖਮੀ ਹੋਏ ਸਾਰੇ ਯਾਤਰੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਬੱਸ ਵਿੱਚ ਲਗਭਗ 30-35 ਲੋਕ ਸਵਾਰ ਸਨ। ਹੁਣ ਤੱਕ, ਲਗਭਗ 20 ਜ਼ਖਮੀ ਯਾਤਰੀਆਂ ਨੂੰ ਬਚਾਇਆ ਗਿਆ ਹੈ ਅਤੇ ਐਂਬੂਲੈਂਸ ਰਾਹੀਂ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ। ਹਾਦਸੇ ਵਾਲੀ ਥਾਂ ‘ਤੇ ਬਚਾਅ ਕਾਰਜ ਜਾਰੀ ਹਨ। ਹਾਦਸਾ ਕਿਵੇਂ ਵਾਪਰਿਆ ਅਤੇ ਬੱਸ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਕਿਵੇਂ ਗੁਆ ਦਿੱਤਾ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ।

