Andhra Pradesh: Leak at ONGC gas well in Konaseema; 800 people moved to a safe location
ਆਂਧਰਾ ਪ੍ਰਦੇਸ਼: ਕੋਨਸੀਮਾ ‘ਚ ONGC ਗੈਸ ਖੂਹ ‘ਚੋਂ ਲੀਕ, ਸੁਰੱਖਿਅਤ ਥਾਂ ‘ਤੇ ਭੇਜੇ 800 ਲੋਕ
ਗੇਡਾਡਾ (ਆਵਾਜ਼ਿ ਕੌਮ ਬਿਊਰੋ)-ਆਂਧਰਾ ਪ੍ਰਦੇਸ਼ ਦੇ ਡਾ. ਬੀ.ਆਰ. ਅੰਬੇਡਕਰ ਕੋਨਸੀਮਾ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਦੇ ਗੈਸ ਖੂਹ ਵਿੱਚ ਭਾਰੀ ਲੀਕ ਹੋਣ ਤੋਂ ਬਾਅਦ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲਗਭਗ 800 ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਕਿਸੇ ਸੁਰੱਖਿਅਤ ਸਥਾਨ ‘ਤੇ ਲਿਜਾਇਆ ਗਿਆ ਤਾਂਕਿ ਕੋਈ ਘਟਨਾ ਨਾ ਵਾਪਰ ਸਕੇ। ਦੱਸ ਦੇਈਏ ਕਿ ਇਸ ਸਾਲ ਜ਼ਿਲ੍ਹੇ ਵਿੱਚ ONGC ਗੈਸ ਖੂਹ ਤੋਂ ਗੈਸ ਲੀਕ ਹੋਣ ਦੀ ਇਹ ਘੱਟੋ-ਘੱਟ ਚੌਥੀ ਘਟਨਾ ਹੈ। ਓਐਨਜੀਸੀ ਦੇ ਇੱਕ ਅਧਿਕਾਰੀ ਦੇ ਅਨੁਸਾਰ, ਮੰਗਲਵਾਰ ਸਵੇਰੇ 5 ਵਜੇ ਦੇ ਕਰੀਬ ਰਾਸ਼ਟਰੀ ਰਾਜਮਾਰਗ 216 ਦੇ ਨੇੜੇ ਗੇਡਾਡਾ ਪਿੰਡ ਵਿੱਚ ਸਥਿਤ ਇੱਕ ਗੈਸ ਖੂਹ ਵਿੱਚ ਮੁਰੰਮਤ ਦੇ ਕੰਮ ਦੌਰਾਨ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਬੋਛਾਰਾਂ ਦੀ ਵਰਤੋਂ ਕੀਤੀ ਜਾ ਰਹੀ। ਅਧਿਕਾਰੀ ਨੇ ਕਿਹਾ, “ਸਾਰੇ ਸੀਨੀਅਰ ਅਧਿਕਾਰੀ ਇਸ ਸਮੇਂ ਮੌਕੇ ‘ਤੇ ਹਨ ਅਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਜਾਂ ਦੋ ਘੰਟਿਆਂ ਵਿੱਚ ਸਥਿਤੀ ਦੀ ਸਪੱਸ਼ਟ ਤਸਵੀਰ ਸਾਹਮਣੇ ਆ ਜਾਵੇਗੀ।” ਜ਼ਿਲ੍ਹਾ ਮੈਜਿਸਟ੍ਰੇਟ ਮਹੇਸ਼ ਕੁਮਾਰ ਰਵੀਰਾਲਾ ਨੇ ਦੱਸਿਆ ਕਿ ਸਾਵਧਾਨੀ ਵਜੋਂ ਸਥਾਨਕ ਨਿਵਾਸੀਆਂ ਨੂੰ ਬਿਜਲੀ ਦੇ ਉਪਕਰਣਾਂ, ਲਾਈਟਾਂ ਅਤੇ ਗੈਸ ਚੁੱਲ੍ਹੇ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ, “ਗੈਸ ਲੀਕ ਵਾਲੀ ਥਾਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿੱਚਲਾ ਇਲਾਕਾ ਖਾਲੀ ਕਰਵਾ ਲਿਆ ਗਿਆ। ਲਗਭਗ 400 ਤੋਂ 500 ਪਰਿਵਾਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ONGC ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਇਹ ਬਹੁਤ ਸੰਭਾਵਨਾ ਹੈ ਕਿ ਸ਼ਾਮ ਤੱਕ ਲੀਕ ਬੰਦ ਹੋ ਜਾਵੇਗੀ।” ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ‘ਤੇ ਲਿਜਾਏ ਗਏ ਲੋਕਾਂ ਲਈ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਹੈ। ਰਵੀਰਾਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਗੈਸ ਆਲੇ-ਦੁਆਲੇ ਫੈਲਣ ਦੀ ਬਜਾਏ ਉੱਪਰ ਵੱਲ ਵਧ ਰਹੀ ਹੈ।

