Bilkis Bano leaves Gujarat after 2 gang-rape convicts are granted bail
ਗੈਂਗਰੇਪ ਦੇ 2 ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਿਲਕੀਸ ਬਾਨੋ ਨੇ ਛੱਡਿਆ ਗੁਜਰਾਤ
ਅਹਿਮਦਾਬਾਦ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਦੰਗਿਆਂ ਦੌਰਾਨ ਗੈਂਗਰੇਪ ਦਾ ਸ਼ਿਕਾਰ ਹੋਈ ਬਿਲਕੀਸ ਬਾਨੋ ਇਸ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ 2 ਦੋਸ਼ੀਆਂ ਦੀ ਸਜ਼ਾ ਮੁਅੱਤਲ ਹੋਣ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਮਹੀਨੇ ਦੀ ਸ਼ੁਰੂਆਤ ਵਿਚ ਸੂਬਾ ਛੱਡ ਕੇ ਜਾ ਚੁੱਕੀ ਹੈ। ਅਦਾਲਤ ਨੇ 28 ਅਕਤੂਬਰ ਨੂੰ ਦਿੱਤੇ ਇਕ ਹੁਕਮ ਵਿਚ ਬਾਨੋ ਨਾਲ ਗੈਂਗਰੇਪ ਅਤੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿਚ 2 ਦੋਸ਼ੀਆਂ ਬਿਪਿਨਚੰਦਰ ਜੋਸ਼ੀ ਅਤੇ ਪ੍ਰਦੀਪ ਮੋਰਧੀਆ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰ ਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਹ ਦੋਵੇਂ ਉਨ੍ਹਾਂ 11 ਲੋਕਾਂ ਵਿਚ ਸ਼ਾਮਲ ਸਨ, ਜਿਨ੍ਹਾਂ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਗੈਂਗਰੇਪ ਅਤੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿਚ 2008 ਵਿਚ ਮੁੰਬਈ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਬਾਨੋ ਦੇ ਚਾਚਾ ਰੱਜ਼ਾਕ ਮਨਸੂਰੀ ਨੇ ਕਿਹਾ ਕਿ 28 ਅਕਤੂਬਰ ਨੂੰ ਸਿਖਰਲੀ ਅਦਾਲਤ ਨੇ 2 ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ ਪਰਿਵਾਰ ਸੂਬਾ ਛੱਡ ਕੇ ਚਲਾ ਗਿਆ। ਡਰ ਕਾਰਨ ਬਿਲਕੀਸ ਬਾਨੋ ਦਾ ਪਰਿਵਾਰ ਸਮੇਂ-ਸਮੇਂ ’ਤੇ ਆਪਣਾ ਰਹਿਣ ਦਾ ਟਿਕਾਣਾ ਬਦਲਦਾ ਰਹਿੰਦਾ ਸੀ, ਪਰ ਗੁਜਰਾਤ ਵਿਚ ਹੀ ਰਹਿੰਦਾ ਸੀ। ਇਸ ਵਾਰ ਉਨ੍ਹਾਂ ਨੇ ਗੁਜਰਾਤ ਤੋਂ ਚਲੇ ਜਾਣ ਦਾ ਫੈਸਲਾ ਕੀਤਾ।

