Mother rescues daughter alive from leopard’s jaws; saves the innocent child’s life by fighting the animal
ਮਾਂ ਨੇ ਧੀ ਨੂੰ ਤੇਂਦੂਏ ਦੇ ਜਬਾੜੇ ’ਚੋਂ ਜ਼ਿੰਦਾ ਛੁਡਵਾਇਆ, ਭਿੜ ਕੇ ਬਚਾਈ ਮਾਸੂਮ ਦੀ ਜਾਨ
ਬਹਿਰਾਈਚ (ਆਵਾਜ਼ਿ ਕੌਮ ਬਿਊਰੋ)- ਕਟਾਰਨੀਆ ਘਾਟ ਵਾਈਲਡ ਲਾਈਫ ਡਿਵੀਜ਼ਨ ਦੀ ਸੁਜੌਲੀ ਰੇਂਜ ’ਚ ਇਕ ਮਾਂ ਨੇ ਬੇਮਿਸਾਲ ਹਿੰਮਤ ਵਿਖਾਈ ਤੇ ਆਪਣੀ ਮਾਸੂਮ ਬੇਟੀ ਨੂੰ ਤੇਂਦੂਏ ਦੇ ਜਬਾੜਿਆਂ ’ਚੋਂ ਛੁਡਾਇਆ। ਮਿਲੀਆਂ ਰਿਪੋਰਟਾਂ ਅਨੁਸਾਰ ਬੇਟੀ ਘਰ ਦੇ ਵਿਹੜੇ ’ਚ ਮੱਛਰਦਾਨੀ ਲਾ ਕੇ ਮੰਜੀ ’ਤੇ ਸੁੱਤੀ ਪਈ ਸੀ। ਤੇਂਦੂਏ ਨੇ ਮੱਛਰਦਾਨੀ ਪਾੜ ਦਿੱਤੀ ਤੇ ਸੁੱਤੀ ਹੋਈ ਕੁੜੀ ਨੂੰ ਜਬਾੜੇ ’ਚ ਫਸਾਉਣ ਦੀ ਕੋਸ਼ਿਸ਼ ਕੀਤੀ। ਕੁੜੀ ਦੀਆਂ ਚੀਕਾਂ ਸੁਣ ਕੇ ਮਾਂ ਜਾਗ ਪਈ ਤੇ ਤੇਂਦੂਏ ਨਾਲ ਭਿੜਦਿਆਂ ਉਸ ਨੇ ਬੇਟੀ ਨੂੰ ਬਚਾਇਆ। ਹਮਲੇ ’ਚ ਕੁੜੀ ਦੀ ਗਰਦਨ ’ਤੇ ਡੂੰਘੇ ਜ਼ਖ਼ਮ ਹੋ ਗਏ। ਰਿਪੋਰਟਾਂ ਅਨੁਸਾਰ ਤੇਂਦੂਆ ਸਵੇਰੇ 3 ਵਜੇ ਦੇ ਕਰੀਬ ਸੁਜੌਲੀ ਦੇ ਰਾਜੇਸ਼ ਚੌਹਾਨ ਦੇ ਘਰ ’ਚ ਦਾਖਲ ਹੋਇਆ। ਉਸ ਨੇ ਰਾਜੇਸ਼ ਚੌਹਾਨ ਦੀ ਬੇਟੀ ਦਿਵਿਆ ਨੂੰ ਫੜ ਲਿਆ। ਮਾਂ ਤੁਰੰਤ ਤੇਂਦੂਏ ’ਤੇ ਝਪਟੀ ਤੇ ਬੇਟੀ ਨੂੰ ਬਚਾਇਆ। ਰੌਲਾ ਸੁਣ ਕੇ ਰਾਜੇਸ਼ ਤੇ ਹੋਰ ਪਿੰਡ ਵਾਸੀ ਵੀ ਮੌਕੇ ’ਤੇ ਪਹੁੰਚ ਗਏ। ਪਿੰਡ ਵਾਸੀਆਂ ਦੇ ਰੌਲਾ ਪਾਉਣ ’ਤੇ ਤੇਂਦੂਆ ਕੁੜੀ ਨੂੰ ਛੱਡ ਕੇ ਭੱਜ ਗਿਆ। ਜ਼ਖਮੀ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜੰਗਲਾਤ ਵਿਭਾਗ ਨੇ ਇਲਾਜ ਲਈ 5,000 ਰੁਪਏ ਪ੍ਰਦਾਨ ਕੀਤੇ ਹਨ। ਤੇਂਦੂਏ ਨੂੰ ਫੜਨ ਲਈ ਪਿੰਜਰੇ ਦੀ ਥਾਂ ਨੂੰ ਵੀ ਤਬਦੀਲ ਕਰ ਦਿੱਤਾ ਗਿਆ ਹੈ।

