Massive fire breaks out at chemical factory due to explosion in ethanol tanker
ਇਥੇਨੌਲ ਦੇ ਟੈਂਕਰ ’ਚ ਧਮਾਕੇ ਕਾਰਨ ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ
ਕਾਨਪੁਰ (ਆਵਾਜ਼ਿ ਕੌਮ ਬਿਊਰੋ)- ਕਾਨਪੁਰ ਦੇ ਮਹਾਰਾਜਪੁਰ ਖੇਤਰ ਦੇ ਰੂਮਾ ਉਦਯੋਗਿਕ ਇਲਾਕੇ ਵਿਚ ਮੰਗਲਵਾਰ ਰਾਤ ਕੈਮੀਕਲ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਇਥੇਨੌਲ ਨਾਲ ਭਰੇ ਟੈਂਕਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਅੱਗ ਦੀਆਂ ਲਪਟਾਂ ਕਰੀਬ ਇਕ ਕਿਲੋਮੀਟਰ ਦੂਰ ਤੱਕ ਦਿਖਾਈ ਦਿੱਤੀਆਂ। ਨਿਕੋਲਸ ਪਿਗਮੈਂਟ ਯੂਨਿਟ-ਇਕ ਵਿਚ ਰਾਤ ਕਰੀਬ ਸਵਾ 8 ਵਜੇ ਅੱਗ ਲੱਗੀ। ਫੈਕਟਰੀ ਵਿਚ 20-20 ਹਜ਼ਾਰ ਲੀਟਰ ਇਥੇਨੌਲ ਨਾਲ ਭਰੇ 3 ਟੈਂਕਰ ਮੌਜੂਦ ਸਨ। ਅੱਗ ਦੀ ਲਪੇਟ ਵਿਚ ਆਉਣ ਕਾਰਨ ਇਕ ਟੈਂਕਰ ਫਟ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਨੇੜੇ ਸਥਿਤ ਕਾਨਪੁਰ ਇੰਸਟੀਚਿਊਟ ਆਫ਼ ਟੈਕਨਾਲੋਜੀ (ਕੇ. ਆਈ. ਟੀ.) ਦੇ ਕਰੀਬ 300 ਵਿਦਿਆਰਥੀ ਹੋਸਟਲ ਤੋਂ ਬਾਹਰ ਨਿਕਲ ਆਏ। ਸੂਚਨਾ ਮਿਲਣ ’ਤੇ 15 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਡੀ. ਸੀ. ਪੀ. ਈਸਟ ਅਤੇ ਮੁੱਖ ਫਾਇਰ ਅਫ਼ਸਰ ਦੀਪਕ ਸ਼ਰਮਾ ਨੇ ਐੱਸ. ਡੀ. ਆਰ. ਐੱਫ. ਅਤੇ ਪੀ. ਏ. ਸੀ. ਨੂੰ ਵੀ ਬੁਲਾਇਆ। ਸਾਵਧਾਨੀ ਵਜੋਂ ਇਕ ਕਿਲੋਮੀਟਰ ਦਾ ਇਲਾਕਾ ਸੀਲ ਕਰਵਾ ਕੇ ਆਲੇ-ਦੁਆਲੇ ਦੀਆਂ ਫੈਕਟਰੀਆਂ ਅਤੇ 500 ਮੀਟਰ ਦੂਰ ਸਥਿਤ ਬਸਤੀ ਨੂੰ ਖ਼ਾਲੀ ਕਰਵਾਇਆ ਗਿਆ। ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਸ਼ਿਫਟ ਖ਼ਤਮ ਹੋਣ ਕਾਰਨ ਫੈਕਟਰੀ ਵਿਚ ਮੁਲਾਜ਼ਮ ਮੌਜੂਦ ਨਹੀਂ ਸਨ।

