Shiv Sena tears pages from Sonia’s book over insult to Savarkar
ਸਾਵਰਕਰ ਦੇ ਅਪਮਾਨ ’ਤੇ ਸ਼ਿਵ ਸੈਨਾ ਨੇ ਸੋਨੀਆ ਦੀ ਕਿਤਾਬ ਦੇ ਪੰਨੇ ਪਾੜੇ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਆਜ਼ਾਦੀ ਘੁਲਾਟੀਏ ਵਿਨਾਇਕ ਦਾਮੋਦਰ ਸਾਵਰਕਰ ’ਤੇ ਕਥਿਤ ਅਸ਼ੋਭਨੀਕ ਟਿੱਪਣੀਆਂ ਵਿਰੁੱਧ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਵਿਚ ਸ਼ਿਵ ਸੈਨਾ ਦੇ ਆਗੂਆਂ ਨੇ ਸੋਨੀਆ ਗਾਂਧੀ ਦੀ ਹਾਲ ਹੀ ਵਿਚ ਆਈ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਦੇ ਪੰਨੇ ਪਾੜ ਕੇ ਇਸ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ੀਤਲ ਮਹਾਤਰੇ, ਐੱਮ. ਐੱਲ. ਸੀ. ਡਾ. ਮਨੀਸ਼ਾ ਕਾਇੰਦੇ, ਸ਼ਾਇਨਾ ਐੱਨ. ਸੀ., ਸੰਜੇ ਨਿਰੂਪਮ ਅਤੇ ਕਿਰਨ ਪਾਵਸਕਰ ਤੇ ਹੋਰ ਸ਼ਿਵ ਸੈਨਾ ਆਗੂਆਂ ਨੇ ਕਾਂਗਰਸ, ਸ਼ਿਵ ਸੈਨਾ (ਯੂ. ਬੀ. ਟੀ.) ਮੁਖੀ ਊਧਵ ਠਾਕਰੇ ’ਤੇ ਹਮਲਾ ਬੋਲਦਿਆਂ ਸਾਵਰਕਰ ਅਤੇ ਮਰਾਠੀ ਅਸਮਿਤਾ ਦੇ ਅਪਮਾਨ ’ਤੇ ਉਨ੍ਹਾਂ ਦੀ ਚੁੱਪ ’ਤੇ ਸਵਾਲ ਉਠਾਏ। ਮਹਾਤਰੇ ਨੇ ਕਿਤਾਬ ਦੇ ਪੰਨਾ 201 ਅਤੇ ਕੁਝ ਹੋਰ ਹਿੱਸਿਆਂ ਦਾ ਹਵਾਲਾ ਦਿੰਦਿਆਂ ਦੋਸ਼ ਲਗਾਇਆ ਕਿ ਕਿਤਾਬ ਦੇ ਕੁਝ ਹਿੱਸੇ ਸਾਵਰਕਰ, ਬਾਲਾਸਾਹਿਬ ਠਾਕਰੇ ਅਤੇ ਹਿੰਦੂਤਵ ਦੀ ਵਿਚਾਰਧਾਰਾ ਵਿਰੁੱਧ ਇਤਰਾਜ਼ਯੋਗ ਅਤੇ ਮਾਣਹਾਨੀ ਕਰਨ ਵਾਲੇ ਹਨ। ਉਨ੍ਹਾਂ ਕਿਤਾਬ ਦੇ ਉਨ੍ਹਾਂ ਹਿੱਸਿਆਂ ’ਤੇ ਵੀ ਇਤਰਾਜ਼ ਪ੍ਰਗਟਾਇਆ, ਜਿਸ ਵਿਚ ਕਿਹਾ ਗਿਆ ਹੈ ਕਿ ਸਾਵਰਕਰ ਨੇ ਅੰਗਰੇਜ਼ਾਂ ਤੋਂ ਮੁਆਫ਼ੀ ਮੰਗੀ ਸੀ ਅਤੇ ਰਹਿਮ ਦੀਆਂ ਅਪੀਲਾਂ ਲਿਖੀਆਂ ਸਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀਆਂ ਯਾਦਾਂ ਵਿਚ ਹਿੰਦੂਤਵ ਵਿਚਾਰਕ ਵੀ. ਡੀ. ਸਾਵਰਕਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਸ਼ਿਵ ਸੈਨਾ ਆਗੂਆਂ ਦਾ ਵਿਰੋਧ-ਪ੍ਰਦਰਸ਼ਨ ਬੁੱਧਵਾਰ ਨੂੰ ਉਸ ਸਮੇਂ ਵਿਵਾਦਾਂ ਵਿਚ ਘਿਰ ਗਿਆ, ਜਦੋਂ ਪਾਰਟੀ ਮੈਂਬਰ ਸ਼ਾਇਨਾ ਐੱਨ. ਸੀ. ਨੇ ਅਣਜਾਣੇ ਵਿਚ ਇਕ ਅਜਿਹਾ ਕਾਗਜ਼ ਪਾੜ ਦਿੱਤਾ, ਜਿਸ ’ਤੇ ਸ਼ਿਵ ਸੈਨਾ ਦੇ ਸੰਸਥਾਪਕ ਮਰਹੂਮ ਬਾਲ ਠਾਕਰੇ ਦੀ ਤਸਵੀਰ ਛਪੀ ਹੋਈ ਸੀ।

