Major accident in UP: 2 motorcycles collide violently due to dense fog; 5 youths killed
ਯੂਪੀ ‘ਚ ਵੱਡਾ ਹਾਦਸਾ : ਸੰਘਣੀ ਧੁੰਦ ਕਾਰਨ 2 ਮੋਟਰਸਾਈਕਲਾਂ ਦੀ ਜ਼ੋਰਦਾਰ ਟੱਕਰ, 5 ਨੌਜਵਾਨਾਂ ਦੀ ਮੌਤ
ਬਲਰਾਮਪੁਰ (ਯੂਪੀ) (ਆਵਾਜ਼ਿ ਕੌਮ ਬਿਊਰੋ)- ਬਲਰਾਮਪੁਰ ਜ਼ਿਲ੍ਹੇ ਵਿਚ ਸੰਘਣੀ ਧੁੰਦ ਕਾਰਨ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ 5 ਨੌਜਵਾਨਾਂ ਦੀ ਮੌਤ ਅਤੇ 2 ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਦਿੱਤੀ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਸੁਪਰਡੈਂਟ ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਦੇਰ ਰਾਤ ਬਲਰਾਮਪੁਰ-ਉਤਰੌਲਾ ਸੜਕ ‘ਤੇ ਅਰਸ਼ੈ ਬਰਹਾੜਾ ਪਿੰਡ ਨੇੜੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਦ੍ਰਿਸ਼ਟੀ ਘੱਟ ਸੀ ਅਤੇ ਇਕ ਪੈਦਲ ਯਾਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਸਿੰਘ ਨੇ ਦੱਸਿਆ ਕਿ ਹਾਦਸੇ ਸਮੇਂ ਦੋਵੇਂ ਮੋਟਰਸਾਈਕਲਾਂ ‘ਤੇ ਨੌਜਵਾਨ ਸਵਾਰ ਸਨ ਅਤੇ ਉਤਰੌਲਾ ਵੱਲ ਜਾ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮੋਟਰਸਾਈਕਲਾਂ ‘ਤੇ ਸਵਾਰ ਸੱਤ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਤੇ ਤੁਰੰਤ ਸਾਰੇ ਜ਼ਖਮੀਆਂ ਨੂੰ ਉਤਰੌਲਾ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪੰਜ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੋ ਹੋਰਾਂ ਦਾ ਇਲਾਜ ਗੰਭੀਰ ਹਾਲਤ ਵਿੱਚ ਕੀਤਾ ਗਿਆ। ਸਿੰਘ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਫਾਰੂਕ (18), ਸਲੀਮ (18), ਗੁਫਰਾਨ (17), ਤੌਫੀਕ (19) ਅਤੇ ਫਜ਼ਲ ਮੁਹੰਮਦ (23) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਛਪਰ ਤਲਵਾ ਅਤੇ ਗੌਰੀਵੰਡੀਹ ਪਿੰਡਾਂ ਦੇ ਸਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨਾਂ ਦੀ ਪਛਾਣ ਮੁਜ਼ਮਿਲ (22) ਅਤੇ ਨਾਹਿਦ ਰਜ਼ਾ ਵਜੋਂ ਹੋਈ ਹੈ। ਪੁਲਸ ਸੂਤਰਾਂ ਅਨੁਸਾਰ, ਹਾਦਸੇ ਦਾ ਮੁੱਢਲਾ ਕਾਰਨ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟੀ ਮੰਨਿਆ ਜਾ ਰਿਹਾ ਹੈ, ਹਾਲਾਂਕਿ ਹਾਦਸੇ ਦੇ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿੰਘ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆਅਤੇ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

