Woman arrested in connection with the murder of an innocent child; body was found on a neighbor’s roof
ਮਾਸੂਮ ਬੱਚੇ ਦੇ ਕਤਲ ਮਾਮਲੇ ‘ਚ ਮਹਿਲਾ ਮੁਲਜ਼ਮ ਗ੍ਰਿਫ਼ਤਾਰ, ਗੁਆਂਢੀ ਦੀ ਛੱਤ ਤੋਂ ਮਿਲੀ ਸੀ ਲਾਸ਼
ਲਾਲੜੂ (ਆਵਾਜ਼ਿ ਕੌਮ ਬਿਊਰੋ)-ਇੱਥੇ ਪਿੰਡ ਬੱਲੋਪੁਰ ਵਿਖੇ ਢਾਈ ਸਾਲਾ ਮਾਸੂਮ ਗੁਰਸਾਂਝ ਸਿੰਘ ਦੇ ਕਤਲ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਣ ਦਾ ਦਾਅਵਾ ਕਰਦਿਆਂ ਇਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਸੋਨਿਕਾ ਪਤਨੀ ਰੇਸ਼ਮ ਵਾਸੀ ਪਿੰਡ ਬੱਲੋਪੁਰ, ਬਾਣਾ ਲਾਲੜੂ ਵਜੋਂ ਦੱਸੀ ਹੈ। ਮਹਿਲਾ ਮੁਲਜ਼ਮ ਦੀ ਉਮਰ ਕਰੀਬ 22 ਸਾਲ ਹੈ। ਪੁਲਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 15 ਨਵੰਬਰ ਨੂੰ ਗੁਰਸਾਂਝ ਸਿੰਘ ਦੇ ਪਿਤਾ ਗੁਰਵਿੰਦਰ ਸਿੰਘ ਵਾਸੀ ਬੱਲੋਪੁਰ ਨੇ ਆਪਣੇ ਢਾਈ ਸਾਲਾ ਬੱਚੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਪਰਿਵਾਰ ਅਨੁਸਾਰ ਬੱਚਾ 14 ਨਵੰਬਰ ਨੂੰ ਦੁਪਹਿਰ ਕਰੀਬ 1.30 ਵਜੇ ਘਰੋਂ ਬਾਹਰ ਖੇਡਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਅਗਲੇ ਦਿਨ 15 ਨਵੰਬਰ ਨੂੰ ਬੱਚੇ ਦੀ ਲਾਸ਼ ਗੁਆਂਢੀ ਰਾਜਬੀਰ ਸਿੰਘ ਦੀ ਛੱਤ ਤੋਂ ਬਰਾਮਦ ਹੋਈ ਸੀ। ਪਰਿਵਾਰ ਨੇ ਬੱਚੇ ਦਾ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਸੀ। ਇਸ ਸਬੰਧੀ ਥਾਣਾ ਲਾਲੜੂ ਵਿਖੇ ਮੁਕੱਦਮਾ 15 ਨਵੰਬਰ ਨੂੰ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਤਕਨੀਕੀ ਸਬੂਤਾਂ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ। ਪੁਲਸ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਹਿਲਾ ਮੁਲਜ਼ਮ ਦਾ ਕੁੱਝ ਦਿਨ ਪਹਿਲਾਂ ਹੀ ਗਰਭਪਾਤ ਹੋਇਆ ਸੀ। ਇਸ ਕਾਰਨ ਉਹ ਮਾਨਸਿਕ ਤਣਾਅ ‘ਚ ਸੀ। ਪੁਲਸ ਦਾ ਦਾਅਵਾ ਹੈ ਕਿ ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੁੱਸੇ ਆ ਕੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਬਾਅਦ ‘ਚ ਲਾਸ਼ ਨੂੰ ਘਰ ਦੀ ਛੱਤ ਉੱਪਰ ਰੱਖ ਦਿੱਤਾ। ਪੁਲਸ ਨੇ ਕਾਰਵਾਈ ਕਰਦਿਆਂ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਨ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

