Youth from Dirba Mandi makes his mark in Canada; lands a key role as a ‘Peace Officer’ at Metrolinx
ਦਿੜ੍ਹਬਾ ਮੰਡੀ ਦੇ ਨੌਜਵਾਨ ਨੇ ਕੈਨੇਡਾ ’ਚ ਗੱਡੇ ਝੰਡੇ, ਮੈਟਰੋਲਿੰਕਸ ‘ਚ ‘ਪੀਸ ਅਫ਼ਸਰ’ ਵਜੋਂ ਮਿਲੀ ਅਹਿਮ ਜ਼ਿੰਮੇਵਾਰੀ
ਦਿੜ੍ਹਬਾ ਮੰਡੀ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਦਿੜ੍ਹਬਾ ਮੰਡੀ ਦੇ ਵਸਨੀਕ ਮਹਿੰਦਰ ਪਾਲ ਗਰਗ ਨੇ ਕੈਨੇਡਾ ਵਿੱਚ ਆਪਣੀ ਮਿਹਨਤ, ਲਗਨ ਅਤੇ ਕਾਬਲੀਅਤ ਦੇ ਦਮ ’ਤੇ ਵੱਡੀ ਪ੍ਰਾਪਤੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਕ੍ਰਿਸ਼ਨ ਬਲਦੇਵ ਦੇ ਸਪੁੱਤਰ ਮਹਿੰਦਰ ਪਾਲ ਗਰਗ ਨੂੰ ਕੈਨੇਡਾ ਦੀ ਪ੍ਰਮੁੱਖ ਟ੍ਰਾਂਜ਼ਿਟ ਏਜੰਸੀ ‘ਮੈਟਰੋਲਿੰਕਸ’ ਦੇ ਟ੍ਰਾਂਜ਼ਿਟ ਸੇਫਟੀ ਡਿਵੀਜ਼ਨ ਵਿੱਚ ਤਰੱਕੀ ਦੇ ਕੇ ‘ਪੀਸ ਅਫ਼ਸਰ’ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਮਹਿੰਦਰ ਪਾਲ ਗਰਗ ਸਾਲ 2021 ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਉਦੇਸ਼ ਨਾਲ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਪਹੁੰਚੇ ਸਨ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਟਰੋਲਿੰਕਸ ਵਿੱਚ ਪ੍ਰੋਵਿੰਸ਼ੀਅਲ ਔਫੈਂਸਿਸ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਆਪਣੀ ਮਿਹਨਤ, ਸਮਰਪਣ ਅਤੇ ਕੰਮ ਪ੍ਰਤੀ ਜ਼ਿੰਮੇਵਾਰਾਨਾ ਰਵੱਈਏ ਸਦਕਾ ਉਨ੍ਹਾਂ ਨੇ ਇਸ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕੈਨੇਡਾ ਦੀ ਪੱਕੀ ਰਿਹਾਇਸ਼ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੈਟਰੋਲਿੰਕਸ ਦੇ ਟ੍ਰਾਂਜ਼ਿਟ ਸੇਫਟੀ ਡਿਵੀਜ਼ਨ ਵਿੱਚ ਤਰੱਕੀ ਮਿਲਣਾ ਉਨ੍ਹਾਂ ਦੀ ਪੇਸ਼ੇਵਰ ਤਰੱਕੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਪੀਸ ਅਫ਼ਸਰ ਵਜੋਂ ਨਵੀਂ ਜ਼ਿੰਮੇਵਾਰੀ ਮਿਲਣਾ ਉਨ੍ਹਾਂ ਦੀ ਮਿਹਨਤ ਅਤੇ ਕਾਬਲੀਅਤ ਦਾ ਪ੍ਰਮਾਣ ਹੈ। ਮਹਿੰਦਰ ਪਾਲ ਗਰਗ ਦੀ ਇਸ ਪ੍ਰਾਪਤੀ ਨਾਲ ਦਿੜ੍ਹਬਾ ਮੰਡੀ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮਾਣ ਅਤੇ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਸਫਲਤਾ ਵਿਦੇਸ਼ਾਂ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਕਰ ਰਹੇ ਨੌਜਵਾਨਾਂ ਵਾਸਤੇ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੀ ਇਹ ਉਪਲਬਧੀ ਦਰਸਾਉਂਦੀ ਹੈ ਕਿ ਦ੍ਰਿੜ੍ਹ ਇਰਾਦੇ, ਲਗਾਤਾਰ ਮਿਹਨਤ ਅਤੇ ਸਮਰਪਣ ਨਾਲ ਵਿਦੇਸ਼ੀ ਧਰਤੀ ’ਤੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਜਾ ਸਕਦਾ ਹੈ।

