Jewellery and cash worth Rs 1.86 crore found at the home of a GST Superintendent arrested in a bribery case
ਰਿਸ਼ਵਤ ਮਾਮਲੇ ‘ਚ ਗ੍ਰਿਫਤਾਰ GST ਸੁਪਰਡੈਂਟ ਦੇ ਘਰੋਂ ਮਿਲੇ 1.86 ਕਰੋੜ ਦੇ ਗਹਿਣੇ ਤੇ ਨਕਦੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਫ਼ਰਜ਼ੀ ਜੀ. ਐੱਸ. ਟੀ. ਬਿੱਲ ਦੇ ਮਾਮਲੇ ਵਿਚ ਰਾਹਤ ਦੇਣ ਦੇ ਨਾਂ ’ਤੇ 10 ਲੱਖ ਰੁਪਏ ਰਿਸ਼ਵਤ ਲੈਂਦਿਆਂ ਫੜੇ ਗਏ ਪੰਚਕੂਲਾ ਸੈਕਟਰ-25 ਦੇ ਜੀ. ਐੱਸ. ਟੀ. ਸੁਪਰਡੈਂਟ ਲਵਕੁਸ਼ ਕੁਮਾਰ ਦੇ ਘਰੋਂ ਸੀ. ਬੀ. ਆਈ. ਨੂੰ ਕਰੀਬ 1.86 ਕਰੋੜ ਰੁਪਏ ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ/ਇੱਟਾਂ ਅਤੇ ਵਿਦੇਸ਼ੀ ਕਰੰਸੀ ਮਿਲੀ ਹੈ। ਇਸ ਤੋਂ ਇਲਾਵਾ ਮੁਲਜ਼ਮ ਅਧਿਕਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਬੇਨਾਮੀ ਜਾਇਦਾਦਾਂ, ਬੈਂਕ ਖਾਤਿਆਂ ਅਤੇ ਨਿਵੇਸ਼ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। 20 ਨਵੰਬਰ ਨੂੰ ਮੁਲਜ਼ਮ ਦੇ ਘਰ ਛਾਪੇਮਾਰੀ ਦੌਰਾਨ ਸੀ. ਬੀ. ਆਈ. ਨੂੰ 24.29 ਲੱਖ ਰੁਪਏ ਦੀ ਭਾਰਤੀ ਕਰੰਸੀ, ਜਿਨ੍ਹਾਂ ਵਿਚ 100 ਰੁਪਏ ਦੀਆਂ 8, 200 ਰੁਪਏ ਦੀਆਂ 5,500 ਰੁਪਏ ਦੀਆਂ 30 ਅਤੇ ਵਿਦੇਸ਼ੀ ਕਰੰਸੀ ਦੀਆਂ 5 ਥੱਦੀਆਂ ਮਿਲੀਆਂ ਹਨ। ਉੱਥੇ ਹੀ, 15.65 ਲੱਖ ਰੁਪਏ ਮੁੱਲ ਦੀ ਵਿਦੇਸ਼ੀ ਕਰੰਸੀ ਮਿਲੀ ਹੈ, ਜੋ ਕੁੱਲ ਰਕਮ 39.94 ਲੱਖ ਰੁਪਏ ਬਣਦੀ ਹੈ। ਇਸ ਦੇ ਨਾਲ ਹੀ, ਬਰਾਮਦ ਸੋਨੇ-ਚਾਂਦੀ ਦੀ ਕੁੱਲ ਕੀਮਤ ਕਰੀਬ 1.46 ਕਰੋੜ ਰੁਪਏ ਦੱਸੀ ਗਈ ਹੈ। ਜਾਂਚ ਏਜੰਸੀ ਬਰਾਮਦ ਦਸਤਾਵੇਜ਼ਾਂ ਦੇ ਆਧਾਰ ’ਤੇ ਮੁਲਜ਼ਮ ਅਤੇ ਉਸ ਦੇ ਪਰਿਵਾਰ ਦੀਆਂ ਜਾਇਦਾਦਾਂ ਅਤੇ ਵਿੱਤੀ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਸੀ. ਬੀ. ਆਈ. ਨੂੰ 20 ਨਵੰਬਰ ਨੂੰ ਮੁਲਜ਼ਮ ਦੇ ਘਰ ਛਾਪੇਮਾਰੀ ਦੌਰਾਨ ਨਕਦੀ ਅਤੇ ਗਹਿਣਿਆਂ ਤੋਂ ਇਲਾਵਾ 6 ਬੈਂਕ ਖਾਤਿਆਂ, ਨਿਵੇਸ਼ ਪੋਰਟਫੋਲੀਓ, ਜੀਵਨ ਬੀਮਾ ਪਾਲਿਸੀਆਂ ਅਤੇ ਕਈ ਅਚੱਲ ਜਾਇਦਾਦਾਂ ਦੇ ਦਸਤਾਵੇਜ਼ ਮਿਲੇ। ਟੀਮ ਨੇ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਰਜਿਸਟਰਡ ਵਾਹਨਾਂ ਦੇ ਨਾਲ ਵਿੱਤੀ ਲੈਣ-ਦੇਣ ਦਾ ਰਿਕਾਰਡ ਵੀ ਜ਼ਬਤ ਕੀਤਾ ਹੈ। ਸੀ. ਬੀ. ਆਈ. ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਕਰ ਕੇ ਮੁਲਜ਼ਮ ਦੀਆਂ ਜਾਇਦਾਦਾਂ ਅਤੇ ਆਮਦਨ ਦੇ ਸੂਤਰਾਂ ਦਾ ਪਤਾ ਲਗਾ ਰਹੀ ਹੈ। ਸੀ. ਬੀ. ਆਈ. ਅਨੁਸਾਰ, ਇਕ ਨਿੱਜੀ ਫਰਮ ਖ਼ਿਲਾਫ ਜੀ. ਐੱਸ. ਟੀ. ਦੀ ਕਾਰਵਾਈ ਚੱਲ ਰਹੀ ਸੀ। ਇਸੇ ਮਾਮਲੇ ਵਿਚ ਫਰਮ ਦੇ ਭਾਈਵਾਲ ਨੇ ਸੀ. ਜੀ. ਐੱਸ. ਟੀ. ਸੁਪਰਡੈਂਟ ਲਵਕੁਸ਼ ਖ਼ਿਲਾਫ਼ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਮੁਲਜ਼ਮ ਨੇ ਜੀ. ਐੱਸ. ਟੀ. ਕਾਰਵਾਈ ਵਿਚ ਫਰਮ ਨੂੰ ਰਾਹਤ ਦਿਵਾਉਣ, ਭਾਰੀ ਜੁਰਮਾਨਾ ਨਾ ਲਗਾਉਣ ਅਤੇ ਅੱਗੇ ਕੋਈ ਡਿਮਾਂਡ ਨੋਟਿਸ ਜਾਰੀ ਨਾ ਕਰਨ ਦੇ ਬਦਲੇ 50 ਲੱਖ ਰੁਪਏ ਮੰਗੇ ਸਨ।

