Voices raised for the rights of Christian girls in Pakistan; organization holds a global prayer
ਪਾਕਿਸਤਾਨ ‘ਚ ਈਸਾਈ ਕੁੜੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ, ਸੰਸਥਾ ਨੇ ਕੀਤੀ ਵਿਸ਼ਵ ਪੱਧਰੀ ਅਰਦਾਸ
Lahore, (ਆਵਾਜ਼ਿ ਕੌਮ ਬਿਊਰੋ)-ਈਸਾਈ ਕਾਨੂੰਨੀ ਪੈਰਵੀ ਸਮੂਹ ‘ਅਲਾਇੰਸ ਡਿਫੈਂਡਿੰਗ ਫ੍ਰੀਡਮ’ (ADF) ਨੇ ਵਿਸ਼ਵਵਾਸੀਆਂ ਨੂੰ ਪਾਕਿਸਤਾਨ ਵਿੱਚ ਈਸਾਈ ਲੜਕੀਆਂ ਦੇ ਅਗਵਾ ਅਤੇ ਜ਼ਬਰਦਸਤੀ ਵਿਆਹਾਂ ਨੂੰ ਖ਼ਤਮ ਕਰਨ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਇੱਕ ਅਨੁਮਾਨ ਅਨੁਸਾਰ ਪਾਕਿਸਤਾਨ ਵਿੱਚ ਹਰ ਸਾਲ ਲਗਭਗ 1,000 ਲੜਕੀਆਂ ਨੂੰ ਅਗਵਾ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਬਦਲ ਕੇ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਅਤੇ ਅਕਸਰ ਬਹੁਤ ਵੱਡੀ ਉਮਰ ਦੇ ਪੁਰਸ਼ਾਂ ਨਾਲ ਵਿਆਹ ਕਰਵਾ ਦਿੱਤਾ ਜਾਂਦਾ ਹੈ। ਇਹ ਪੀੜਤ ਮੁੱਖ ਤੌਰ ‘ਤੇ ਪਾਕਿਸਤਾਨ ਦੇ ਈਸਾਈ ਅਤੇ ਹਿੰਦੂ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਹਨ। ਇਸ ਸਮੱਸਿਆ ਨੂੰ ਹੋਰ ਗੰਭੀਰ ਉੱਥੋਂ ਦਾ ਅਦਾਲਤੀ ਪ੍ਰਬੰਧ ਅਤੇ ਧਾਰਮਿਕ ਸਭਿਆਚਾਰ ਬਣਾਉਂਦਾ ਹੈ ਜੋ ਅਕਸਰ ਪੀੜਤਾਂ ਦੀ ਬਜਾਏ ਦੋਸ਼ੀਆਂ ਦਾ ਪੱਖ ਪੂਰਦਾ ਹੈ। ADF ਦੀ ਏਸ਼ੀਆ ਲਈ ਐਡਵੋਕੇਸੀ ਡਾਇਰੈਕਟਰ ਤਹਿਮੀਨਾ ਅਰੋੜਾ ਨੇ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਲੜਕੀਆਂ ਨੂੰ ਧਰਮ ਪਰਿਵਰਤਨ ਅਤੇ ਵਿਆਹ ਦੇ ਦਸਤਾਵੇਜ਼ਾਂ ‘ਤੇ ਅੰਗੂਠੇ ਲਗਾਉਣ ਲਈ ਤੇਜ਼ਾਬ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਹ ਦਸਤਾਵੇਜ਼ ਬਾਅਦ ਵਿੱਚ ਅਦਾਲਤ ਵਿੱਚ ਇਹ ਦਿਖਾਉਣ ਲਈ ਵਰਤੇ ਜਾਂਦੇ ਹਨ ਕਿ ਧਰਮ ਪਰਿਵਰਤਨ ਅਤੇ ਵਿਆਹ ਸਵੇਛਾ ਨਾਲ ਹੋਇਆ ਸੀ। ਹਿੰਸਾ ਅਤੇ ਡਰਾਵੇ ਦੀ ਵਰਤੋਂ ਕਰਕੇ ਪੀੜਤਾਂ ਨੂੰ ਅਦਾਲਤ ਵਿੱਚ ਬਿਆਨ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ। ਜੇਕਰ ਕੋਈ ਪੀੜਤ ਬਚ ਕੇ ਨਿਕਲ ਵੀ ਜਾਵੇ, ਤਾਂ ਵੀ ਦਸਤਾਵੇਜ਼ਾਂ ਦੇ ਆਧਾਰ ‘ਤੇ ਅਦਾਲਤ ਉਸਨੂੰ ਵਾਪਸ ਭੇਜ ਸਕਦੀ ਹੈ ਅਤੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਅਤੇ ਸਮਾਜਿਕ ਦਾਗ ਦਾ ਸਾਹਮਣਾ ਕਰਨਾ ਪੈਂਦਾ ਹੈ। ਅਰੋੜਾ ਨੇ ਕਿਹਾ ਕਿ ਕਾਗਜ਼ਾਂ ‘ਤੇ ਪਾਕਿਸਤਾਨ ਮਾਨਵ ਅਧਿਕਾਰਾਂ ਦਾ ਸਮਰਥਨ ਕਰਦਾ ਹੈ, ਪਰ ਅਮਲੀ ਰੂਪ ਵਿੱਚ ਨਿਆਂ ਪ੍ਰਣਾਲੀ ਇਨ੍ਹਾਂ ਲੜਕੀਆਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ। ਹਾਲਾਂਕਿ, ਹੌਲੀ-ਹੌਲੀ ਕੁਝ ਸੁਧਾਰ ਵੀ ਦੇਖਣ ਨੂੰ ਮਿਲ ਰਹੇ ਹਨ। ਅਪ੍ਰੈਲ ਵਿੱਚ ਪੰਜਾਬ ਪ੍ਰਾਂਤ ਨੇ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਕਰਨ ਵਾਲਾ ਕਾਨੂੰਨ ਪਾਸ ਕੀਤਾ ਅਤੇ ਅਦਾਲਤਾਂ ਵੀ ਪੁਰਾਣੇ ਬੰਦ ਕੀਤੇ ਕੇਸਾਂ ਦੀ ਮੁੜ ਸਮੀਖਿਆ ਕਰ ਰਹੀਆਂ ਹਨ। ਇਸ ਸੁਧਾਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਈ 2025 ਵਿੱਚ ਜਦੋਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਇਸਲਾਮਾਬਾਦ ਕੈਪੀਟਲ ਟੈਰੀਟਰੀ ਵਿੱਚ ਬਾਲ ਵਿਆਹ ਰੋਕਣ ਲਈ ਬਿੱਲ ਪਾਸ ਕੀਤਾ, ਤਾਂ ਕੌਂਸਲ ਆਫ਼ ਇਸਲਾਮਿਕ ਆਈਡੀਓਲੋਜੀ ਨੇ ਇਸਦਾ ਸਖ਼ਤ ਵਿਰੋਧ ਕੀਤਾ। ਤਹਿਮੀਨਾ ਅਰੋੜਾ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਕਾਨੂੰਨ ਬਣਾਉਣਾ ਸ਼ਲਾਘਾਯੋਗ ਹੈ, ਪਰ ਸਥਿਤੀ ਉਦੋਂ ਹੀ ਸੁਧਰੇਗੀ ਜਦੋਂ ਪੁਲਸ ਅਤੇ ਅਦਾਲਤਾਂ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਗੀਆ।

