FBI’s open declaration: We will not rest until Goldy Brar is caught
FBI ਦਾ ਖੁੱਲ੍ਹਾ ਐਲਾਨ- ਗੋਲਡੀ ਬਰਾੜ ਨੂੰ ਫੜਨ ਤੱਕ ਚੈਨ ਨਾਲ ਨਹੀਂ ਬੈਠਾਂਗੇ
ਲਾਸ ਏਂਜਲਸ (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਗੈਂਗਸਟਰ ਗੋਲਡੀ ਬਰਾੜ ਦੀ ਭਾਲ ਤੇਜ਼ ਕਰਨ ਦਾ ਸੰਕੇਤ ਦਿੱਤਾ ਹੈ। ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਸਾਫ਼ ਕਿਹਾ ਹੈ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਅਤੇ ਅਮਰੀਕੀ ਅਦਾਲਤ ਵਿਚ ਉਸ ’ਤੇ ਮੁਕੱਦਮਾ ਚੱਲਣ ਤੱਕ ਐੱਫ.ਬੀ.ਆਈ. ਦਾ ਪਿੱਛਾ ਜਾਰੀ ਰਹੇਗਾ। ਐੱਫ.ਬੀ.ਆਈ. ਦੇ ਲਾਸ ਏਂਜਲਸ ਦਫ਼ਤਰ ਦੇ ਅਸਿਸਟੈਂਟ ਡਾਇਰੈਕਟਰ ਪੈਟ੍ਰਿਕ ਗ੍ਰੈਂਡੀ ਨੇ ‘ਇਨਸਾਈਡ ਦਿ ਐੱਫ.ਬੀ.ਆਈ.’ ਪੌਡਕਾਸਟ ਦੇ ਇਕ ਐਪੀਸੋਡ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਨੂੰ ਫੜ ਕੇ ਅਮਰੀਕੀ ਅਦਾਲਤ ਵਿਚ ਪੇਸ਼ ਕੀਤੇ ਜਾਣ ਤੱਕ ਏਜੰਸੀ ਸੰਤੁਸ਼ਟ ਨਹੀਂ ਹੋਵੇਗੀ। ਉਸ ਦੇ ਕਥਿਤ ਅਪਰਾਧਾਂ ਦਾ ਅਸਰ ਅਮਰੀਕਾ ਸਮੇਤ ਦੁਨੀਆ ਦੇ ਕਈ ਹਿੱਸਿਆਂ ’ਚ ਰਹਿਣ ਵਾਲੇ ਲੋਕਾਂ ’ਤੇ ਪਿਆ ਹੈ। ਗੋਲਡੀ ਬਰਾੜ ਨੂੰ ਸਤੰਬਰ ਵਿਚ ਐੱਫ.ਬੀ.ਆਈ. ਦੇ 10 ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ। ਪੈਟ੍ਰਿਕ ਗ੍ਰੈਂਡੀ ਨੇ ਦੱਸਿਆ ਕਿ ਉਸ ਨੂੰ ਇਸ ਸੂਚੀ ਵਿਚ ਸ਼ਾਮਲ ਕਰਨ ਪਿੱਛੇ ਉਸ ਦੀਆਂ ਹਿੰਸਕ ਗਤੀਵਿਧੀਆਂ ਅਤੇ ਉਨ੍ਹਾਂ ਵੱਖ-ਵੱਖ ਅਪਰਾਧਾਂ ਨੂੰ ਲੈ ਕੇ ਲੱਗੇ ਦੋਸ਼ ਹਨ, ਜਿਨ੍ਹਾਂ ਵਿਚ ਉਸ ’ਤੇ ਮੁਕੱਦਮੇ ਦਰਜ ਹਨ। ਗ੍ਰੈਂਡੀ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਸੜਕਾਂ ਤੋਂ ਹਟਾਉਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸਤੰਬਰ ਵਿਚ ਐੱਫ.ਬੀ.ਆਈ. ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਵਿਚ ਮਦਦਗਾਰ ਸੂਚਨਾ ਦੇਣ ਵਾਲੇ ਵਿਅਕਤੀ ਲਈ 10 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।

